ਪੰਜਾਬ ਕਾਂਗਰਸ 'ਚ ਕਲੇਸ਼! ਵੜਿੰਗ ਬੋਲੇ- 'ਹੋ ਸਕਦਾ ਹੈ ਕੁਝ ਲੋਕਾਂ ਨੂੰ ਮੇਰੇ ਤੋਂ ਤਕਲੀਫ਼ ਹੋਵੇ, ਪਰ ਰੁੱਸਿਆਂ ਨੂੰ ਮਨਾਉਣ ਦੀ ਕਰਾਂਗਾ ਕੋਸ਼ਿਸ਼'
Babushahi Network
ਚੰਡੀਗੜ੍ਹ, 10 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਅਤੇ ਧੜੇਬੰਦੀ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵੱਡਾ ਬਿਆਨ ਦਿੰਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਵੜਿੰਗ ਨੇ ਆਪਣੀ ਕਾਰਗੁਜ਼ਾਰੀ ਦਾ ਬਚਾਅ ਕਰਦੇ ਹੋਏ ਸਾਫ਼ ਕਿਹਾ, "ਮੈਂ ਕੋਈ ਨਾਕਾਮ ਪ੍ਰਧਾਨ ਨਹੀਂ ਹਾਂ। ਮੈਂ ਪ੍ਰਧਾਨ ਵਜੋਂ ਹਮੇਸ਼ਾ ਚੰਗਾ ਪਰਫਾਰਮ ਕੀਤਾ ਹੈ। ਹਾਲਾਂਕਿ, ਇਹ ਹੋ ਸਕਦਾ ਹੈ ਕਿ ਮੈਂ ਕੁਝ ਲੋਕਾਂ ਨੂੰ ਚੰਗਾ ਨਾ ਲੱਗਦਾ ਹੋਵਾਂ, ਕਿਉਂਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ।"
ਰਾਜਾ ਵੜਿੰਗ ਨੇ ਪਾਰਟੀ ਅੰਦਰ ਚੱਲ ਰਹੀ ਨਾਰਾਜ਼ਗੀ 'ਤੇ ਬੋਲਦਿਆਂ ਕਿਹਾ ਕਿ ਜੇਕਰ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦਾ ਕੋਈ ਨਵਾਂ ਪ੍ਰਧਾਨ ਲਗਾਇਆ ਜਾਂਦਾ ਹੈ, ਤਾਂ ਉਹ ਉਸ ਦਾ ਖਿੜੇ ਮੱਥੇ 'ਜੀ ਆਇਆਂ ਨੂੰ' ਕਹਿ ਕੇ ਸਵਾਗਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਅੰਦਰ ਜਿੰਨੇ ਵੀ ਆਗੂ ਨਾਰਾਜ਼ ਚੱਲ ਰਹੇ ਹਨ, ਉਹ ਉਨ੍ਹਾਂ ਸਾਰੇ ਰੁੱਸਿਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਇਸ ਵੇਲੇ ਦੋ ਸਪੱਸ਼ਟ ਧੜਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ, ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਹੈ ਅਤੇ ਦੂਜੇ ਪਾਸੇ ਰਾਜਾ ਵੜਿੰਗ ਤੇ ਉਨ੍ਹਾਂ ਦੇ ਸਮਰਥਕ ਹਨ। ਜਦੋਂ ਤੋਂ ਕਾਂਗਰਸ ਹਾਈਕਮਾਂਡ ਨੇ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦਿਆਂ ਨੂੰ ਲੈ ਕੇ ਫੈਸਲਾ ਸੁਣਾਇਆ ਹੈ, ਉਦੋਂ ਤੋਂ ਹੀ ਚੰਨੀ ਧੜਾ ਅੰਦਰਖਾਤੇ ਨਾਰਾਜ਼ ਚੱਲ ਰਿਹਾ ਹੈ।
ਭਾਵੇਂ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੰਪੇਨਿੰਗ ਕਮੇਟੀ (ਚੋਣ ਪ੍ਰਚਾਰ ਕਮੇਟੀ) ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਪਰ ਚੰਨੀ ਦੇ ਬਹੁ-ਗਿਣਤੀ ਸਮਰਥਕਾਂ ਦਾ ਮੰਨਣਾ ਹੈ ਕਿ ਚੰਨੀ ਨੂੰ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਸੀ। ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਅਤੇ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੁਵੇਸ਼ ਬਘੇਲ ਖ਼ੁਦ ਪੰਜਾਬ ਦੌਰੇ 'ਤੇ ਆਏ ਹੋਏ ਹਨ। ਉਹ ਲਗਾਤਾਰ ਵੱਖ-ਵੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸੂਤਰਾਂ ਮੁਤਾਬਕ, ਭਲਕੇ ਪੰਜਾਬ ਇੰਚਾਰਜ ਭੁਵੇਸ਼ ਬਘੇਲ ਵੱਲੋਂ ਚੰਨੀ ਧੜੇ ਦੇ ਆਗੂਆਂ ਨਾਲ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਈ-ਪ੍ਰੋਫਾਈਲ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਭਾਰਤ ਭੂਸ਼ਨ ਆਸ਼ੂ ਅਤੇ ਮਾਝੇ ਦੇ ਕਈ ਹੋਰ ਸੀਨੀਅਰ ਕਾਂਗਰਸੀ ਲੀਡਰ ਸ਼ਾਮਲ ਹੋ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਇੰਚਾਰਜ ਦੀ ਇਸ ਸਿਆਸੀ ਸਰਜਰੀ ਤੋਂ ਬਾਅਦ ਪੰਜਾਬ ਕਾਂਗਰਸ ਦਾ ਇਹ ਕਲੇਸ਼ ਖ਼ਤਮ ਹੁੰਦਾ ਹੈ ਜਾਂ ਹੋਰ ਵਧਦਾ ਹੈ।
- Download Babushahi App
-
-