ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ ਪਵਿੱਤਰ ਗੰਗਾ ਸਾਗਰ ਬਾਰੇ ਇਤਿਹਾਸਕ ਪੁਸਤਕ 2 ਜਨਵਰੀ ਨੂੰ ਰਾਏਕੋਟ ਜੋੜ ਮੇਲੇ ਦੌਰਾਨ ਹੋਵੇਗੀ ਰਿਲੀਜ਼
ਇਹ ਕਿਤਾਬ ਪੰਜਾਬੀ ਜਗਤ ਦੀ ਨਾਮਵਰ ਹਸਤੀ ਪ੍ਰੋ ਗੁਰਭਜਨ ਸਿੰਘ ਗਿੱਲ ਦੀ ਪਹਿਲਕਦਮੀ ਨਾਲ ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਪ੍ਰੋ. ਗੁਰਦੇਵ ਸਿੰਘ ਸਿੱਧੂ ਵੱਲੋਂ ਲਿਖੀ ਗਈ ਹੈ
Babushahi News Network
ਲੁਧਿਆਣਾ/ Surrey, 31 ਦਸੰਬਰ 2025:
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਅਤਿ ਪਵਿੱਤਰ ਨਿਸ਼ਾਨੀ ਪਵਿੱਤਰ ਗੰਗਾ ਸਾਗਰ ਬਾਰੇ ਇਕ ਮਹੱਤਵਪੂਰਨ ਇਤਿਹਾਸਕ ਪੁਸਤਕ 2 ਜਨਵਰੀ 2026 ਨੂੰ ਸਵੇਰੇ 8:30 ਵਜੇ, ਰਾਏਕੋਟ ਜੋੜ ਮੇਲੇ ਦੌਰਾਨ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ, ਰਾਏਕੋਟ ਵਿਖੇ ਰਸਮੀ ਤੌਰ ’ਤੇ ਜਾਰੀ ਕੀਤੀ ਜਾਵੇਗੀ। ਸ਼ਿਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮੌਕੇ ਮੁੱਖ ਮਹਿਮਾਨ ਹੋਣਗੇ.
“ਦਸਮੇਸ਼ ਪਿਤਾ ਬਖ਼ਸ਼ਿਸ਼: ਪਵਿੱਤਰ ਗੰਗਾ ਸਾਗਰ – ਸੁੱਚੀ ਸੇਵਾ ਸੰਭਾਲ” Title ਵਾਲੀ ਇਹ ਪੁਸਤਕ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਪ੍ਰੋ. ਗੁਰਦੇਵ ਸਿੰਘ ਸਿੱਧੂ ਵੱਲੋਂ ਲਿਖੀ ਗਈ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਗਮਨ, ਰਾਇ ਕਲ੍ਹਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਅਤੁੱਲ ਸੇਵਾ, ਅਤੇ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੇ ਅਧਿਆਤਮਿਕ ਅਤੇ ਇਤਿਹਾਸਕ ਮਹੱਤਵ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਇਹ ਪੰਜਾਬੀ ਜਗਤ ਦੀ ਨਾਮਵਰ ਹਸਤੀ ਪ੍ਰੋ ਗੁਰਭਜਨ ਸਿੰਘ ਗਿੱਲ ਦੀ ਪਹਿਲਕਦਮੀ ਨਾਲ ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ । ਇਸ ਦਾ ਮੁੱਖਬੰਧ ਵੀ ਪ੍ਰੋ ਗੁਰਭਜਨ ਗਿੱਲ ਨੇ ਹੀ ਲਿਖਿਆ ਹੈ.
ਗੰਗਾ ਸਾਗਰ 17ਵੀਂ ਸਦੀ ਦਾ ਧਾਤ ਦਾ ਪੁਰਾਤਨ ਸੁਰਾਹੀਨੁਮਾ ਬਰਤਨ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ ਵਜੋਂ ਅਤਿ ਆਦਰ ਨਾਲ ਸੰਭਾਲਿਆ ਜਾ ਰਿਹਾ ਹੈ। ਇਸ ਦੀ ਸੰਭਾਲ ਇਸ ਸਮੇਂ ਰਾਇ ਅਜ਼ੀਜ਼ ਉੱਲਾਹ ਖ਼ਾਨ, ਪਾਕਿਸਤਾਨ ਦੇ ਸਾਬਕਾ MP ਅਤੇ ਰਾਇ ਕੱਲ੍ਹਾ ਦੇ ਵੰਸ਼ ਦੇ ਵਾਰਿਸ , ਵੱਲੋਂ ਸ਼ਰਧਾ ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾ ਰਹੀ ਹੈ।
ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ ਰਾਏਕੋਟ ਤੋਂ ਵਿਦਾ ਲੈਂਦੇ ਸਮੇਂ, ਰਾਇ ਕਲ੍ਹਾ ਵੱਲੋਂ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿੱਚ ਪਾ ਕੇ ਕੀਤੀ ਗਈ ਨਿਰਸਵਾਰਥ ਸੇਵਾ ਤੋਂ ਪ੍ਰਸੰਨ ਹੋ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਗੰਗਾ ਸਾਗਰ, ਇਕ ਤਲਵਾਰ ਅਤੇ ਇਕ ਰਿਹਲ (ਪਾਠ ਲਈ ਲੱਕੜੀ ਦਾ ਸਟੈਂਡ) ਨਿੱਜੀ ਤੌਰ ’ਤੇ ਬਖ਼ਸ਼ੀਸ਼ ਵਜੋਂ ਭੇਟ ਕੀਤੇ ਸਨ ।
ਰਾਇ ਅਜ਼ੀਜ਼ ਉੱਲਾਹ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਰਾਇ ਮੁਹੰਮਦ ਅਲੀ ਖ਼ਾਨ, ਜੋ ਇਸ ਵੇਲੇ ਕੈਨੇਡਾ ਵਿੱਚ ਵੱਸਦੇ ਹਨ, ਨੇ ਇਸ ਇਤਿਹਾਸਕ ਪੁਸਤਕ ਲਈ ਪ੍ਰੋ. ਗੁਰਦੇਵ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਇਸ ਪੁਸਤਕ ਦੇ ਉੱਦਮ ਲਈ ਪ੍ਰੋ ਗੁਰਭਜਨ ਗਿੱਲ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਦੋਹਾਂ ਪਿਓ -ਪੁੱਤਾਂ ਨੇ ਰਾਏਕੋਟ ਜੋੜ ਮੇਲੇ ਦੇ ਮੌਕੇ ’ਤੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ।
ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਗਟ ਕੀਤੀਆਂ ਮਨੁੱਖੀ ਕਦਰਾਂ ਕੀਮਤਾਂ —ਸਾਹਸ, ਸੇਵਾ, ਧਰਮ-ਨਿਰਪੱਖ ਸਾਂਝ ਅਤੇ ਇਨਸਾਫ਼—ਬਾਰੇ ਚੇਤਨਾ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਗਾਉਂਦੀ ਹੈ।

Pro Gurbhajan Singh Gill

ਇਹੀ ਖਬਰ ਅੰਗਰੇਜ਼ੀ ਵਿੱਚ ਵੀ ਪੜ੍ਹੋ :