Babushahi Special ਥਾਣੇਦਾਰ ਤੇ ਪੁਲਿਸ ਮੁਲਾਜਮਾਂ ਦੇ ਗਲਾਂ ਦਾ ਫੰਦਾ ਬਣਨ ਲੱਗਾ ਹਿਰਾਸਤੀ ਮੌਤ ਦਾ ਮਾਮਲਾ
ਬਠਿੰਡਾ ਅਦਾਲਤ ਵੱਲੋਂ ਕਤਲ ਸਮੇਤ ਕਈ ਤਰਾਂ ਦੇ ਦੋਸ਼ ਆਇਦ
ਅਸ਼ੋਕ ਵਰਮਾ
ਬਠਿੰਡਾ , 10 ਜੁਲਾਈ 2026 : ਬਠਿੰਡਾ ਪੁਲਿਸ ਦੀ ਕਥਿਤ ਹਿਰਾਸਤ ਦੌਰਾਨ ਹੋਈ ਮੌਤ ਦੇ ਕਰੀਬ ਦੋ ਸਾਲ ਪੁਰਾਣੇ ਬਹੁਚਰਚਿਤ ਮਾਮਲੇ ’ਚ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਨੇ ਸੀਆਈਏ ਸਟਾਫ 1 ਦੇ ਤੱਤਕਾਲੀ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜਮਾਂ ਖਿਲਾਫ ਕਤਲ ਦੇ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਆਪਣੇ ਆਦੇਸ਼ਾਂ ’ਚ ਸਮੂਹ ਪੁਲਿਸ ਮੁਲਜਮਾਂ ਨੂੰ ਕਤਲ , ਸਬੂਤ ਖੁਰਦ ਬੁਰਦ ਕਰਨ , ਅਪਰਾਧੀਆਂ ਨੂੰ ਬਚਾਉਣ ਲਈ ਝੂਠੀ ਕਹਾਹ ਘੜਨ ਅਤੇ ਡਿਜ਼ੀਟਲ ਸਬੂਤਾਂ ’ਚ ਕਥਿਤ ਹੇਰਾਫੇਰੀ ਵਰਗੇ ਗੰਭੀਰ ਦੋਸ਼ਾਂ ਤਹਿਤ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ । ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਤੈਅ ਕੀਤੀ ਗਈ ਹੈ । ਇਸ ਮੌਕੇ ਮੁਕੱਦਮਾ ਚਲਾਉਣ ਵਾਲੀ ਧਿਰ ਅਦਾਲਤ ਕੋਲ ਸਬੂਤ ਪੇਸ਼ ਕਰੇਗੀ। ਮੁਲਜਮਾਂ ਵਿੱਚ ਸੀਆਈਏ ਸਟਾਫ ਵਨ ਦੇ ਤੱਤਕਾਲੀ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ , ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਤੋਂ ਇਲਾਵਾ ਸਿਪਾਹੀ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਸ਼ਾਮਲ ਹਨ।
ਅਦਾਲਤ ਵੱਲੋਂ ਜਾਰੀ ਵਿਸਥਾਰਤ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਅਕਤੂਬਰ 2024 ਵਿੱਚ ਘਟਨਾ ਸਮੇਂ ਇਹ ਸਮੂਹ ਪੁਲਿਸ ਮੁਲਾਜਮ ਬਠਿੰਡਾ ਵਿਖੇ ਸੀਆਈਏ 1 ਵਿੱਚ ਤਾਇਨਾਤ ਸਨ। ਮੁਲਜਮ ਪੁਲਿਸ ਮੁਲਾਜਮਾਂ ’ਤੇ ਭਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਲੱਖੀ ਜੰਗਲ ਦੀ ਪੁਲਿਸ ਹਿਰਾਸਤ ’ਚ ਹੱਤਿਆ ਅਤੇ ਉਸ ਨੂੰ ਖੁਦਕਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਅਨੁਸਾਰ 17 ਅਕਤੂਬਰ 2024 ਨੂੰ ਨਜਾਇਜ ਹਥਿਆਰ ਰੱਖਣ ਦੇ ਮਾਮਲੇ ਵਿੱਚ ਭਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ । ਪੁਲਿਸ ਨੇ ਉਦੋਂ ਦਾਅਵਾ ਕੀਤਾ ਸੀ ਕਿ ਥਰਮਲ ਦੀ ਇੱਕ ਝੀਲ ਕੋਲ ਪੁਲਿਸ ਦੀ ਟੀਮ ਨੂੰ ਦੇਖਦਿਆਂ ਗ੍ਰਿਫਤਾਰੀ ਤੋਂ ਬਚਣ ਲਈ ਭਿੰਦਰ ਨੇ ਝੀਲ ਵਿੱਚ ਛਾਲ ਮਾਰ ਦਿੱਤੀ ਜਿੱਥੇ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ। ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਭਿੰਦਰ ਨੂੰ ਬਾਹਰ ਕੱਢਕੇ ਹਸਪਤਾਲ ਲਿਆਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਫਿਰੋਜ਼ਪੁਰ ਜੇਲ੍ਹ ’ਚ ਬੰਦ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਉਦੋਂ ਸੈਸ਼ਨ ਜੱਜ ਫਿਰੋਜ਼ਪੁਰ ਨੂੰ ਲਿਖੇ ਪੱਤਰ ਰਾਹੀਂ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਨੂੰ ਪੁਲਿਸ ਨੇ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਲਿਆ ਅਤੇ ਤਸੀਹੇ ਦੇਕੇ ਮੌਤ ਦੇ ਘਾਟ ਉਤਾਰਿਆ ਹੈ । ਫਿਰੋਜ਼ਪੁਰ ਅਦਾਲਤ ਨੇ ਸ਼ਿਕਾਇਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਨੂੰ ਭੇਜੀ ਸੀ ਜਿਸ ਦੀ ਜਾਂਚ ਤੱਤਕਾਲੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਕੁਲਦੀਪ ਸਿੰਘ ਨੇ ਕੀਤੀ ਜਿੰਨ੍ਹਾਂ ਆਪਣੀ ਰਿਪੋਰਟ ’ਚ ਪੁਲਿਸ ਦੀ ਡੁੱਬਣ ਵਾਲੀ ਕਹਾਣੀ ਨੂੰ ਰੱਦ ਕਰ ਦਿੱਤਾ। ਫੌਰੈਂਸਿਕ ਰਿਪੋਰਟ , ਮੈਡੀਕਲ ਸਬੂਤਾਂ ਅਤੇ ਹੋਰ ਦਸਤਾਵੇਜ਼ਾਂ ਦੇ ਅਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਭਿੰਦਰ ਨੂੰ ਵਾਟਰ ਬੋਰਡਿੰਗ ਦਾ ਸ਼ਿਕਾਰ ਬਣਾਇਆ ਗਿਆ ਜੋ ਇੱਕ ਬਦਨਾਮ ਤਕਨੀਕ ਹੈ ਜਿਸ ਵਿੱਚ ਨੱਕ ਅਤੇ ਮੂੰਹ ਵਿੱਚ ਪਾਣੀ ਪਾਇਆ ਜਾਂਦਾ ਹੈ। ਰਿਪੋਰਟ ’ਚ ਭਿੰਦਰ ਨੂੰ ਨਜਾਇਜ ਹਿਰਾਸਤ ’ਚ ਰੱਖਣ ਬਾਰੇ ਵੀ ਕਿਹਾ ਗਿਆ ਸੀ।
ਪੜਤਾਲੀਆ ਰਿਪੋਰਟ ’ਚ ਇਹ ਵੀ ਕਿਹਾ ਗਿਆ ਸੀ ਕਿ ਭਿੰਦਰ ਦੀ ਮੌਤ ਨੂੰ ਝੀਲ ’ਚ ਡੁੱਬਣ ਦਾ ਹਾਦਸਾ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਜਾਂਚ ਦੌਰਾਨ ਮ੍ਰਿਤਕ ਅਤੇ ਤੱਤਕਾਲੀ ਸੀਆਈਏ ਇੰਸਪੈਕਟਰ ਨਵਪ੍ਰੀਤ ਸਿੰਘ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਦੀ ਪੁਣਛਾਣ ਵੀ ਕੀਤੀ ਗਈ ਸੀ। ਰਿਪੋਰਟ ਮੁਤਾਬਕ ਮ੍ਰਿਤਕ ਅਤੇ ਇੰਸਪੈਕਟਰ ਨਵਪ੍ਰੀਤ ਦੇ ਮੋਬਾਈਲ ਫੋਨ ਦੀ ਲੋਕੇਸ਼ਨ 17 ਅਕਤੂਬਰ ਦੀ ਸ਼ਾਮ ਬੁਲਾਡੇਵਾਲਾ ਪਿੰਡ ਵਿੱਚ ਲਗਭਗ ਇੱਕੋ ਜਿਹੇ ਸਮੇਂ ਦੀ ਸੀ। ਪੋਸਟਮਾਰਟਮ ਵਿੱਚ ਦੇਰੀ ਸਬੰਧੀ ਜਾਂਚ ਦੌਰਾਨ ਇਹ ਸਿੱਟਾ ਨਿਕਲਿਆ ਕਿ ਇਸ ਕੰਮ ਵਿੱਚ ਦੋ ਦਿਨਾਂ ਦੀ ਦੇਰ ਕਰਨ ਦਾ ਮਕਸਦ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ’ਤੇ ਸੀਆਈਏ -1 ਨੂੰ ਫਿੱਟ ਬੈਠਦਾ ਬਿਆਨ ਦੇਣ ਦਾ ਦਬਾਅ ਪਾਉਣਾ ਸੀ। ਰਿਪੋਰਟ ’ਚ ਇੱਕ ਦਿਲਚਸਪ ਤੱਥ ਸਾਹਮਣੇ ਆਇਆ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਪੁਲਿਸ ਨੂੰ ਭਿੰਦਰ ਦੇ ਝੀਲ ’ਚ ਡੁੱਬਣ ਸਬੰਧੀ ਦਿੱਤਾ ਗਿਆ ਬਿਆਨ ਵੀ ਝੂੂਠਾ ਪਾਇਆ ਗਿਆ ਸੀ।
ਸਰਕਾਰੀ ਰਿਕਾਰਡ ਅਨੁਸਾਰ ਮ੍ਰਿਤਕ ਭਿੰਦਰ ਸਿੰਘ ਦੀ ਲਾਸ਼ 17 ਅਕਤੂਬਰ 2024 ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾ ਘਰ ’ਚ ਰੱਖੀ ਗਈ ਸੀ। ਥਾਣਾ ਥਰਮਲ ਵਿੱਚ ਦਰਜ ਡੀਡੀਆਰ ਅਨੁਸਾਰ ਪੁਲਿਸ ਨੂੰ ਭਿੰਦਰ ਦੇ ਭਰਾ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਦੀ 2021 ਦੌਰਾਨ ਦਰਜ ਇੱਕ ਮੁਕੱਦਮੇ ’ਚ ਤਲਾਸ਼ ਸੀ। ਰਿਕਾਰਡ ਮੁਤਾਬਕ ਸੀਆਈਏ ਸਟਾਫ ਵਨ ਨੂੰ ਥਾਣਾ ਥਰਮਲ ਇਲਾਕੇ ’ਚ ਬਿੱਲਾ ਨਾਮੀ ਵਿਅਕਤੀ ਅਤੇ ਭਿੰਦਰ ਦੀ ਸੰਭਾਵਿਤ ਗਤੀਵਿਧੀ ਬਾਰੇ ਜਾਣਕਾਰੀ ਕਿਲੀ ਜੋ ਥਾਣਾ ਨੇਹੀਆਂ ਵਾਲਾ ’ਚ ਦਰਜ ਇੱਕ ਐਫਆਈਆਰ ਦੇ ਸਬੰਧ ਵਿੱਚ ਪੁਲਿਸ ਨੂੰ ਲੁੜੀਂਦੇ ਸਨ। ਪੁਲਿਸ ਰਿਕਾਰਡ ਮੁਤਾਬਕ ਇੰਸਪੈਕਟਰ ਨਵਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਥਰਮਲ ਪਲਾਂਟ ਝੀਲਾਂ ਕੋਲ ਪੁੱਜੇ ਜਿੱਥੇ ਉਨ੍ਹਾਂ ਨੂੰ ਬਿੱਲਾ ਅਤੇ ਭਿੰਦਰ ਦਿਖਾਈ ਦਿੱਤੇ। ਇਸ ਮੌਕੇ ਪੁਲਿਸ ਪਾਰਟੀ ਨੂੰ ਦੇਖ ਕੇ ਭਿੰਦਰ ਨੇ ਥਰਮਲ ਦੀ ਝੀਲ ਵਿੱਚ ਛਾਲ ਦਿੱਤੀ ਜਦੋਂਕਿ ਦੂਜਾ ਮੋਟਰਸਾਈਕਲ ’ਤੇ ਸਵਾਰ ਹੋਕੇ ਭੱਜਣ ’ਚ ਸਫਲ ਹੋ ਗਿਆ।
ਸੁਣਵਾਈ ’ਤੇ ਟਿਕੀਆਂ ਨਜ਼ਰਾਂ
ਭਿੰਦਰ ਦੀ ਕਥਿਤ ਹਿਰਾਸਤੀ ਮੌਤ ਸਬੰਧੀ ਹੁਣ ਨਜ਼ਰਾਂ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਹੋਣ ਵਾਲੀਆਂ ਅਗਲੀਆਂ ਸੁਣਵਾਈਆਂ ’ਤੇ ਟਿਕ ਗਈਆਂ ਹਨ। ਪੁਲਿਸ ਪ੍ਰਸ਼ਾਸ਼ਨ ਨਾਲ ਜੁੜਿਆ ਹੋਣ ਕਰਕੇ ਵੀ ਮਾਮਲਾ ਗੰਭੀਰ ਹੈ ਕਿਉਂਕਿ ਜਿੱਥੋਂ ਨਿਆਂ ਦੀ ਉਮੀਦ ਸੀ ਉਨ੍ਹਾਂ ਹੀ ਬੇਇਨਸਾਫੀ ਕੀਤੀ ਹੈ।
- Download Babushahi App
-
-