ਸਪੈਕਟਰਮ ਲੀਗਲ ਮਿਸ ਇੰਡੀਆ ਸਾਊਥ ਪੈਸੀਫਿਕ-2026
ਅੰਤਿਮ ਮੁਕਾਬਲੇ ’ਚ 6 ਪੰਜਾਬੀ ਧੀਆਂ ਵੀ ਸੁਹੱਪਣ ਅਤੇ ਸੀਰਤ ਮੁਕਾਬਲੇ ਵਿੱਚ ਚਮਕਾਉਣਗੀਆਂ ਨਾਂਅ
-ਭਾਰਤੀ ਫੈਸ਼ਨ, ਸੰਗੀਤ, ਨਾਚ ਅਤੇ ਸੱਭਿਆਚਾਰਕ ਰੰਗਾਂ ਦਾ ਸ਼ਾਨਦਾਰ ਸੰਗਮ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਅਕਤੂਬਰ 2026:-ਸਪੈਕਟਰਮ ਲੀਗਲ ਦੇ ਸਹਿਯੋਗ ਨਾਲ ‘ਰਿਦਮ ਹਾਊਸ ਈਵੈਂਟਸ ਐਂਡ ਫਿਲਮਜ਼’ ਵੱਲੋਂ ‘ਮਿਸ ਇੰਡੀਆ ਸਾਊਥ ਪੈਸੀਫਿਕ 2026’ 23 ਅਕਤੂਬਰ ਸ਼ੁੱਕਰਵਾਰ ਨੂੰ ਔਕਲੈਂਡ ਟਾਊਨ ਹਾਲ ਦੇ ਕੰਸਰਟ ਚੈਂਬਰ ਵਿੱਚ ਕਰਵਾਇਆ ਜਾ ਰਿਹਾ ਹੈ। ਸੁਹੱਪਣ ਅਤੇ ਸੀਰਤ ਦਾ ਇਹ ਪ੍ਰੋਗਰਾਮ 2002 ਤੋਂ ਸ਼ੁਰੂ ਹੋਏ ਮਿਸ ਇੰਡੀਆ ਐੱਨਜ਼ੈੱਡ ਦੇ ਵਿਰਸੇ ਨੂੰ ਅੱਗੇ ਵਧਾ ਰਿਹਾ ਹੈ। ਮੈਲਬੌਰਨ ਅਤੇ ਸੁਵਾ ਵਿੱਚ ਹੋਏ ਰਾਸ਼ਟਰੀ ਮੁਕਾਬਲਿਆਂ ਤੋਂ ਬਾਅਦ ਆਸਟਰੇਲੀਆ, ਫਿਜ਼ੀ ਅਤੇ ਨਿਊਜ਼ੀਲੈਂਡ ਤੋਂ ਚੁਣੀਆਂ ਗਈਆਂ ਮੁਟਿਆਰਾਂ ਹੁਣ ਇਸ ਵੱਕਾਰੀ ਤਾਜ ਲਈ ਭਿੜਨਗੀਆਂ। ਦਰਸ਼ਕਾਂ ਨੂੰ ਇਸ ਸ਼ਾਮ ਭਾਰਤੀ ਫੈਸ਼ਨ, ਸੰਗੀਤ, ਡਾਂਸ ਅਤੇ ਸੱਭਿਆਚਾਰਕ ਰੰਗਾਂ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲੇਗਾ।
ਮਿਸ ਇੰਡੀਆ ਸਾਊਥ ਪੈਸੀਫਿਕ-2026 ਦੇ ਗ੍ਰੈਂਡ ਫਿਨਾਲੇ ਵਿੱਚ ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਖ਼ਬਰ ਇਹ ਹੈ ਕਿ ਇਸ ਵਿੱਚ ਬਾਗ ਲੈ ਰਹੀਆਂ 19 ਕੁੜੀਆਂ ਦੇ ਵਿਚ 6 ਹੋਣਹਾਰ ਪੰਜਾਬੀ ਧੀਆਂ ਵੀ ਆਪਣੀ ਪ੍ਰਤਿਭਾ ਅਤੇ ਸੱਭਿਆਚਾਰ ਦਾ ਲੋਹਾ ਮਨਵਾਉਣਗੀਆਂ। ਇਹ ਧੀਆਂ ਕੇਵਲ ਸੁੰਦਰਤਾ ਮੁਕਾਬਲੇ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਹ ਪੁਲਿਸ ਅਫ਼ਸਰ, ਇੰਟੈਂਸਿਵ ਕੇਅਰ ਨਰਸ, ਭਵਿੱਖ ਦੀ ਡਾਕਟਰ, ਸਾਇੰਸ ਦੀ ਵਿਦਿਆਰਥਣ ਅਤੇ ਸਫ਼ਲ ਬਿਜ਼ਨਸ ਵੂਮੈਨ ਵਜੋਂ ਸਮਾਜ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ। ਆਓ ਜਾਣੀਏ ਇਨ੍ਹਾਂ ਪੰਜਾਬੀ ਕੁੜੀਆਂ ਬਾਰੇ:
ਰਵਨੀਤ ਕੌਰ: ਭਾਰਤ ਵਿੱਚ ਜੰਮੀ ਅਤੇ ਮੈਲਬੌਰਨ ਵਿੱਚ ਪਲੀ-ਵਧੀ 21 ਸਾਲਾ ਰਵਨੀਤ ਯੂਨੀਵਰਸਿਟੀ ਆਫ਼ ਮੈਲਬੌਰਨ ਤੋਂ ਸੈੱਲ ਐਂਡ ਡਿਵੈਲਪਮੈਂਟਲ ਬਾਇਓਲੋਜੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਓਰਲ ਹੈਲਥ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਹੈ। ਆਪਣੀਆਂ ਪੰਜਾਬੀ ਜੜ੍ਹਾਂ ਨਾਲ ਡੂੰਘੀ ਤਰ੍ਹਾਂ ਜੁੜੀ ਰਵਨੀਤ ਨੇ ਸਕੂਲ ਵਿੱਚ ਪੰਜਾਬੀ ਵਿਸ਼ਾ ਪੜ੍ਹਿਆ ਹੈ ਅਤੇ ਉਹ ਭੰਗੜੇ ਤੇ ਤੀਆਂ ਰਾਹੀਂ ਆਪਣੇ ਸੱਭਿਆਚਾਰ ਨੂੰ ਜਿਊਂਦਾ ਰੱਖ ਰਹੀ ਹੈ। ਇਸ ਤੋਂ ਇਲਾਵਾ ਉਹ ਕੈਂਸਰ ਰਿਸਰਚ ਵਰਗੇ ਸਮਾਜ ਸੇਵੀ ਕਾਰਜਾਂ ਲਈ ਫੰਡ ਇਕੱਠੇ ਕਰਨ ਵਿੱਚ ਵੀ ਯੋਗਦਾਨ ਪਾ ਰਹੀ ਹੈ।
ਗੁਰਲੀਨ ਕੌਰ: ਲੁਧਿਆਣਾ ਨਾਲ ਸਬੰਧਤ 26 ਸਾਲਾ ਗੁਰਲੀਨ 2018 ਵਿੱਚ ਆਸਟਰੇਲੀਆ ਆਈ ਸੀ ਅਤੇ ਇਸ ਵੇਲੇ ਮੈਲਬੌਰਨ ਵਿਖੇ ਇੰਟੈਂਸਿਵ ਕੇਅਰ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਹੈ। ਮਿਸ ਵਰਲਡ ਪੰਜਾਬਣ ਆਸਟਰੇਲੀਆ 2024 ਦਾ ਖ਼ਿਤਾਬ ਜਿੱਤ ਚੁੱਕੀ ਗੁਰਲੀਨ ਮਿਸ ਇੰਡੀਆ ਸਾਊਥ ਪੈਸੀਫਿਕ ਆਸਟਰੇਲੀਆ 2026 ਦੇ ਟਾਪ 7 ਫਾਈਨਲਿਸਟਾਂ ਵਿੱਚ ਸ਼ਾਮਲ ਰਹੀ ਹੈ। ਉਹ ਚੜ੍ਹਦੀ ਕਲਾ ਦੇ ਜਜ਼ਬੇ ਨਾਲ ਆਪਣੀ ਪੰਜਾਬੀ ਵਿਰਾਸਤ ਦਾ ਨਾਂ ਰੋਸ਼ਨ ਕਰ ਰਹੀ ਹੈ।
ਸਾਇਸ਼ਾ ਸੇਠੀ: ਮੈਲਬੌਰਨ ਦੀ ਰਹਿਣ ਵਾਲੀ ਸਾਇਸ਼ਾ ਸੇਠੀ ਡੀਕਿਨ ਯੂਨੀਵਰਸਿਟੀ ਤੋਂ ਲਾਅ ਅਤੇ ਇੰਟਰਨੈਸ਼ਨਲ ਸਟੱਡੀਜ਼ ਦੀ ਪੜ੍ਹਾਈ ਕਰ ਰਹੀ ਹੈ। ਇੱਕ ਬਹੁਮੁਖੀ ਪ੍ਰਤਿਭਾ ਦੀ ਮਾਲਕ, ਡਾਂਸਰ ਅਤੇ ਕੋਰੀਓਗ੍ਰਾਫਰ ਹੁੰਦਿਆਂ ਉਸ ਨੇ ‘ਫਿਊਜ਼ਨ ਬੀਟ ਬਾਇ ਸਾਇਸ਼ਾ’ ਨਾਮਕ ਬਾਲੀਵੁੱਡ ਡਾਂਸ ਅਕੈਡਮੀ ਦੀ ਸਥਾਪਨਾ ਕੀਤੀ ਹੈ। ‘ਆਸਟਰੇਲੀਆਜ਼ ਗ੍ਰੇਟ ਡਾਂਸਰਜ਼’ ਦੀ ਰਨਰ-ਅੱਪ ਰਹਿ ਚੁੱਕੀ ਸਾਇਸ਼ਾ ਨੇ ਮਿਸ ਇੰਡੀਆ ਸਾਊਥ ਪੈਸੀਫਿਕ ਆਸਟਰੇਲੀਆ 2026 ਵਿੱਚ ਟਾਪ 7 ਅਤੇ ਟੈਲੇਂਟ ਫਾਈਨਲਿਸਟ ਵਜੋਂ ਜਗ੍ਹਾ ਬਣਾਈ ਸੀ।
ਓਸ਼ਾਨੀ ਖੇਤਰਪਾਲ: ਮਿਸ ਇੰਡੀਆ ਐੱਨਜ਼ੈੱਡ 2025 ਦੀ ਫਰਸਟ ਰਨਰ-ਅੱਪ ਰਹੀ ਓਸ਼ਾਨੀ ਔਕਲੈਂਡ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਚੌਥੇ ਸਾਲ ਦੀ ਵਿਦਿਆਰਥਣ ਹੈ ਅਤੇ ਨਿਊਰੋਸਰਜਰੀ ਵਿੱਚ ਮਾਹਿਰ ਬਣਨ ਦਾ ਸੁਪਨਾ ਰੱਖਦੀ ਹੈ। ਨਿਊਜ਼ੀਲੈਂਡ ਵਿੱਚ ਪਲੀ-ਵਧੀ ਓਸ਼ਾਨੀ ਦਾ ਜਲੰਧਰ ਨਾਲ ਨਾਨਕੇ ਪਰਿਵਾਰ ਰਾਹੀਂ ਗੂੜ੍ਹਾ ਸਬੰਧ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਅਤੇ ਕੰਟੈਂਟ ਕ੍ਰਿਏਸ਼ਨ ਵਿੱਚ ਵੀ ਸਰਗਰਮ ਹੈ।
ਕਰਨ ਰੰਧਾਵਾ: ਭਾਰਤ ਤੋਂ ਆ ਕੇ ਨਿਊਜ਼ੀਲੈਂਡ ਨੂੰ ਆਪਣਾ ਘਰ ਬਣਾਉਣ ਵਾਲੀ ਕਰਨ ਰੰਧਾਵਾ ਨਿਊਜ਼ੀਲੈਂਡ ਪੁਲਿਸ ਵਿੱਚ ਬਤੌਰ ਪੁਲਿਸ ਅਫ਼ਸਰ ਸੇਵਾਵਾਂ ਦੇ ਰਹੀ ਹੈ। ਮਿਸ ਇੰਡੀਆ ਐੱਨਜ਼ੈੱਡ 2024 ਦੀ ਫਾਈਨਲਿਸਟ ਰਹਿ ਚੁੱਕੀ ਕਰਨ ਹੁਣ ਨਵੇਂ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਅੰਤਰਰਾਸ਼ਟਰੀ ਮੰਚ ’ਤੇ ਵਾਪਸੀ ਕਰ ਰਹੀ ਹੈ। ਉਸ ਦਾ ਜੀਵਨ ਸਮਾਜ ਸੇਵਾ, ਨਿੱਜੀ ਬੁਲੰਦੀਆਂ ਅਤੇ ਸੱਭਿਆਚਾਰਕ ਮਾਣ ਦੀ ਪ੍ਰਤੱਖ ਮਿਸਾਲ ਹੈ।
ਚੇਤਨਾ ਸ਼ਰਮਾ: ਚੇਤਨਾ ਸ਼ਰਮਾ ਇਸ ਸਾਲ ਦੇ ਫਾਈਨਲਿਸਟਾਂ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰ ਰਹੀ ਹੈ। ਅੰਤਰਰਾਸ਼ਟਰੀ ਮੁਕਾਬਲੇ ਦੇ ਹਿੱਸੇ ਵਜੋਂ ਉਹ ਹੋਰ ਪ੍ਰਤਿਭਾਸ਼ਾਲੀ ਮੁਟਿਆਰਾਂ ਨਾਲ ਮਿਲ ਕੇ ਭਾਰਤੀ ਵਿਰਾਸਤ, ਸੱਭਿਆਚਾਰਕ ਪਛਾਣ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰੇਗੀ।