ਕੈਨੇਡਾ ਦੇ ਸਰੀ ਸ਼ਹਿਰ ਵਿੱਚ 1 ਜੁਲਾਈ ਤੋਂ ਸਜੇਗਾ ਮਹਾਂ ਖੇਡ ਕੁੰਭ “ਸਿੱਖ ਗੇਮਜ਼ ਕੈਨੇਡਾ 2026
ਖੇਡਾਂ, ਵਿਰਸੇ ਤੇ ਰੰਗਾਰੰਗ ਪ੍ਰੋਗਰਾਮਾਂ ਦਾ ਅਦਭੁਤ ਸੰਗਮ ਹੋਵੇਗਾ
ਹਰਦਮ ਮਾਨ
ਸਰੀ, 11 ਜੂਨ 2026-ਕੈਨੇਡਾ ਦੀ ਧਰਤੀ ’ਤੇ ਖੇਡਾਂ ਅਤੇ ਪੰਜਾਬੀ ਵਿਰਸੇ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾਣ ਰਿਹਾ ਹੈ। ਸਰੀ ਸ਼ਹਿਰ ਦੇ ਪ੍ਰਸਿੱਧ ਟਮਾਨਾਵਿਸ ਪਾਰਕ ਵਿਖੇ 1 ਜੁਲਾਈ ਤੋਂ 5 ਜੁਲਾਈ 2026 ਤੱਕ ਮਹਾਂ ਖੇਡ ਮੇਲਾ “ਸਿੱਖ ਗੇਮਜ਼ ਕੈਨੇਡਾ 2026” ਕਰਵਾਇਆ ਜਾ ਰਿਹਾ ਹੈ। ਇਹ ਵਿਸ਼ਾਲ ਖੇਡ ਉਤਸਵ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਇੱਕ ਅਭੁੱਲ ਅਤੇ ਰੋਮਾਂਚਕ ਅਨੁਭਵ ਹੋਵੇਗਾ।
ਇਹ ਵਿਸ਼ਾਲ ਖੇਡ ਸਮਾਗਮ 12601 64 ਐਵੇਨਿਊ, ਟਮਾਨਾਵਿਸ ਪਾਰਕ, ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਹੋਵੇਗਾ, ਜਿੱਥੇ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਰਹੇਗੀ। ਦੂਰ-ਦੁਰਾਡੇ ਬੈਠੇ ਖੇਡ ਪ੍ਰੇਮੀਆਂ ਲਈ ਪੂਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ। ਇਸ ਖੇਡ ਮੇਲੇ ਦੌਰਾਨ ਹੋਣ ਵਾਲਾ ਵਿਸ਼ਵ ਪ੍ਰਸਿੱਧ “18ਐੱਚ ਲਾਇਨਜ਼ ਕੱਪ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ” ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੇਗਾ।
ਇਸ ਪੰਜ ਰੋਜ਼ਾ ਖੇਡ ਮਹਾਕੁੰਭ ਵਿੱਚ ਵੱਖ-ਵੱਖ ਖੇਡ ਵੰਨਗੀਆਂ ਦੇ ਸਖ਼ਤ ਅਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ, ਜਿਨ੍ਹਾਂ ਵਿੱਚ ਬਾਸਕਟਬਾਲ, ਟਰੈਕ ਐਂਡ ਫੀਲਡ, ਫੀਲਡ ਹਾਕੀ, ਸਾਕਰ (ਫੁੱਟਬਾਲ), ਵਾਲੀਬਾਲ, ਰੈਸਲਿੰਗ (ਕੁਸ਼ਤੀ), ਪਾਵਰਲਿਫਟਿੰਗ ਅਤੇ ਰਵਾਇਤੀ ਟੱਗ ਆਫ ਵਾਰ (ਰੱਸਾਕਸ਼ੀ) ਸ਼ਾਮਲ ਹਨ। ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਹੌਸਲਾ-ਅਫ਼ਜ਼ਾਈ ਲਈ ਇੱਕ ਵਿਸ਼ੇਸ਼ ਦੌੜ ਵੀ ਰੱਖੀ ਗਈ ਹੈ।
ਇਹ ਮੇਲਾ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ ਹੈ, ਬਲਕਿ ਇੱਥੇ ਪੰਜਾਬੀ ਅਮੀਰ ਵਿਰਸੇ ਅਤੇ ਮਨੋਰੰਜਨ ਦਾ ਅਦਭੁਤ ਸੰਗਮ ਦੇਖਣ ਨੂੰ ਮਿਲੇਗਾ। ਦਰਸ਼ਕਾਂ ਲਈ ਪੰਜੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਗਤਕਾ ਅਖਾੜਾ ਰਾਹੀਂ ਸਿੱਖ ਮਾਰਸ਼ਲ ਆਰਟ ਦੇ ਹੈਰਾਨੀਜਨਕ ਜੌਹਰ ਦਿਖਾਏ ਜਾਣਗੇ। ਦਰਸ਼ਕਾਂ ਦੇ ਮਨੋਰੰਜਨ ਲਈ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਹੋਣਗੇ। ਇਸ ਦੇ ਨਾਲ ਹੀ ਨੌਜਵਾਨਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਮੋਟਰਸਾਈਕਲ ਕਲੱਬ ਸ਼ੋਅ, ਦੇਸੀ ਰੰਗ ਬਿਖੇਰਦਾ ਟਰੈਕਟਰ ਸ਼ੋਅ ਅਤੇ ਲੈਂਬੋਰਗਿਨੀ ਕਾਰ ਸ਼ੋਅ ਵੀ ਇਸ ਮੇਲੇ ਦੀ ਸ਼ਾਨ ਵਧਾਉਣਗੇ।
ਪ੍ਰਬੰਧਕਾਂ ਅਨੁਸਾਰ, 'ਸਿੱਖ ਗੇਮਜ਼ ਕੈਨੇਡਾ 2026' ਦਾ ਮਕਸਦ ਸਿਰਫ਼ ਜਿੱਤ-ਹਾਰ ਤੱਕ ਮਹਿਦੂਦ ਨਹੀਂ ਹੈ। ਇਹ ਸਮਾਗਮ ਸਾਡੀ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ, ਸਿੱਖ ਵਿਰਾਸਤ 'ਤੇ ਮਾਣ ਮਹਿਸੂਸ ਕਰਵਾਉਣ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਵੱਡਾ ਜ਼ਰੀਆ ਹੈ। ਕੈਨੇਡਾ ਭਰ ਤੋਂ ਜੁੜਨ ਵਾਲਾ ਖਿਡਾਰੀਆਂ ਅਤੇ ਦਰਸ਼ਕਾਂ ਦਾ ਇਹ ਹੜ੍ਹ ਸਰੀ ਦੀ ਧਰਤੀ 'ਤੇ ਭਾਈਚਾਰਕ ਏਕਤਾ ਦਾ ਇੱਕ ਵਿਲੱਖਣ ਮਾਹੌਲ ਸਿਰਜੇਗਾ। ਪ੍ਰਬੰਧਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ, ਬੱਚਿਆਂ ਅਤੇ ਦੋਸਤਾਂ ਸਮੇਤ ਇਸ ਇਤਿਹਾਸਕ ਮਹਾਂ ਖੇਡ ਮੇਲੇ ਦਾ ਹਿੱਸਾ ਬਣਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ।