ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਜੇਲ੍ਹ ਟਰਾਂਸਫਰ ਕਰਨ ਦੇ ਵਿਰੋਧ 'ਤੇ ਦਿੱਲੀ ਸਰਕਾਰ ਘੇਰੀ ਮਨਜੀਤ ਸਿੰਘ ਜੀਕੇ ਨੇ
ਦਿੱਲੀ ਕਮੇਟੀ ਅਤੇ ਭਾਜਪਾ ਆਗੂਆਂ 'ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ, 18 ਸਤੰਬਰ, 2026 — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੀ ਸਰਕਾਰ ਅਤੇ ਭਾਜਪਾ ਆਗੂਆਂ 'ਤੇ ਤਿੱਖਾ ਹਮਲਾ ਬੋਲਦਿਆਂ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਜੇਲ੍ਹ ਬਦਲੀ ਅਤੇ ਪੈਰੋਲ ਦੇ ਮੁੱਦੇ 'ਤੇ ਗੰਭੀਰ ਸਵਾਲ ਚੁੱਕੇ ਹਨ। ਅਦਾਲਤ ਵਿੱਚ ਹੋਈ ਸੁਣਵਾਈ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਬੀਮਾਰ ਹਨ ਅਤੇ ਉਨ੍ਹਾਂ ਦੀ ਪੈਰੋਲ ਦਾ ਮੁੱਦਾ ਅਦਾਲਤ ਵਿੱਚ ਉੱਠਿਆ ਸੀ, ਪਰ ਸਰਕਾਰ ਦਾ ਰਵੱਈਆ ਨਕਾਰਾਤਮਕ ਰਿਹਾ। ਕਾਨੂੰਨ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੀਆਂ ਉਨ੍ਹਾਂ ਕਿਹਾ, "ਜੇਕਰ ਰਾਮ ਰਹੀਮ, ਆਸਾਰਾਮ ਅਤੇ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਛੱਡਿਆ ਜਾ ਸਕਦਾ ਹੈ, ਤਾਂ ਸਿੱਖ ਕੈਦੀਆਂ ਲਈ ਵੱਖਰਾ ਕਾਨੂੰਨ ਕਿਉਂ ਹੈ? ਉਨ੍ਹਾਂ ਨੂੰ 30 ਸਾਲਾਂ ਤੋਂ ਕਾਲ-ਕੋਠੜੀ ਵਿੱਚ ਰੱਖਿਆ ਗਿਆ ਹੈ।"
ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਮਨਜਿੰਦਰ ਸਿੰਘ ਸਿਰਸਾ 'ਤੇ ਨਿਸ਼ਾਨਾ ਸਾਧਦਿਆਂ ਜੀਕੇ ਨੇ ਕਿਹਾ ਕਿ ਉਹ ਸਿੱਖਾਂ ਦੇ ਮੁੱਦੇ ਚੁੱਕਣ ਦੇ ਨਾਂ 'ਤੇ ਸਰਕਾਰ ਵਿੱਚ ਗਏ ਸਨ, ਪਰ ਹੁਣ ਚੁੱਪ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ ਉਹ ਇਸ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ਅਤੇ ਆਗਾਮੀ ਪੰਜਾਬ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਵੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਹਨ, ਪਰ ਸਿੱਖਾਂ ਨਾਲ ਹੁੰਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
- Download Babushahi App
-
-