Political Special- ਮਸਲਿਆਂ ਦੇ ਹੱਲ ਤੋਂ ਬਿਨਾਂ ਪੰਜਾਬ ਨੂੰ ਨਸ਼ਿਆਂ ਦੀ ਸਿਆਸੀ ਲੋਰ ਚਾੜ੍ਹਣ ਲੱਗੀ ਭਾਜਪਾ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2026: ਪੰਜਾਬ ਨਾਲ ਜੁੜੇ ਮਾਮਲਿਆਂ ਦੇ ਹੱਲ ਕਰਨ ਤੋਂ ਬਗੈਰ ਹੀ ਭਾਰਤੀ ਜੰਤਾ ਪਾਰਟੀ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਅੱਜ 18 ਸਤੰਬਰ ਤੋਂ ਆਪਣੇ ‘ਸਿਆਸੀ ਮਿਸ਼ਨ ’ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਜਪਾ ਨੇ ਇੰਨ੍ਹਾਂ ਯਾਤਰਾਵਾਂ ਦੇ ਰੂਪ ’ਚ ਇੱਕ ਵੱਡਾ ਸਿਆਸੀ ਸੁਨੇਹਾ ਦੇਣ ਦੇ ਮਕਸਦ ਨਾਲ ਗੁਰਦਾਸਪੁਰ ਜਿਲ੍ਹੇ ਤੋਂ ਆਪਣੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਨੂੰ ‘ਲੋਕ ਮੁਹਿੰਮ’ ਕਰਾਰ ਦਿੰਦਿਆਂ ਇਨ੍ਹਾਂ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਾਮਬੰਦ ਕਰਨਾ ਦੱਸਿਆ ਹੈ ਪਰ ਰਾਜਨੀਤੀ ਦੇ ਜਾਣਕਾਰਾਂ ਵੱਲੋਂ ਇਸ ਭਾਜਪਾਈ ਪੈਂਤੜੇ ਨੂੰ ‘ਸੱਤਾ ਯੁਕਤ ਪੰਜਾਬ’ ਮੰਨਿਆ ਜਾ ਰਿਹਾ ਹੈ। ਯਾਦ ਰਹੇ ਕਿ ਭਾਜਪਾ ਅਗਾਮੀ ਚੋਣਾਂ ਵਿੱਚ ਇਕੱਲੇ ਤੌਰ ’ਤੇ ਉੱਤਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।
ਇਹੋ ਕਾਰਨ ਹੈ ਕਿ ਪੰਜਾਬੀਆਂ ਨਾਲ ਇੱਕ ਭਾਵੁਕ ਸਾਂਝ ਬਣਾਉਣ ਲਈ ਹੁਣ ਭਾਜਪਾ ਨੇ ਨਸ਼ਾ ਮੁਕਤ ਪੰਜਾਬ ਬਨਾਉਣ ਦਾ ਵਾਅਦਾ ਕੀਤਾ ਹੈ। ਹੁਣ ਭਾਜਪਾ ਯਾਤਰਾਵਾਂ ਸਹਾਰੇ ਕਿੰਨੀਂ ਕੁ ਸਫਲ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਪਿਛੋਕੜ ’ਚ ਲਏ ਕੁੱਝ ਕਥਿਤ ਪੰਜਾਬ ਵਿਰੋਧੀ ਫੈਸਲਿਆਂ ਕਾਰਨ ਭਾਜਪਾ ਨੂੰ ਲੋਕਾਂ ਦੇ ਦਿਲ ਜਿੱਤਣੇ ਚੁਣੌਤੀ ਬਣੇ ਹੋਏ ਹਨ। ਦੇਖਿਆ ਜਾਏ ਤਾਂ ਸੂਬੇ ਦਾ ਸਭ ਤੋਂ ਵੱਡਾ ਵੋਟ ਬੈਂਕ ਕਿਸਾਨ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ( ਜੋ ਹੁਣ ਰੱਦ ਹਨ) ਕਾਰਨ ਹਾਲੇ ਤੱਕ ਨਰਾਜ਼ ਚੱਲੇ ਆ ਰਹੇ ਹਨ। ਹਾਲਾਂਕਿ ਕਿਸਾਨ ਅੰਦੋਲਨ ਕਾਰਨ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰਨਾ ਪਿਆ ਪਰ ਉਦੋਂ ਤੱਕ ਭਾਜਪਾ ਦਾ ਸਿਆਸੀ ਨੁਕਸਾਨ ਹੋ ਚੁੱਕਿਆ ਸੀ। ਹੁਣ ਤਾਜਾ ਮਾਮਲਾ ਅਮਰੀਕਾ ਨਾਲ ਵਪਾਰ ਸਮਝੌਤੇ , ਬਿਜਲੀ ਅਤੇ ਬੀਜ ਸੋਧ ਬਿੱਲ ਵਰਗੇ ਫੈਸਲਿਆਂ ਦਾ ਹੈ ਜਿੰਨ੍ਹਾਂ ਨੇ ਭਾਜਪਾ ਅਤੇ ਕਿਸਾਨਾਂ ਵਿਚਕਾਰ ਦੂਰੀਆਂ ਵਧਾਈਆਂ ਹਨ।
ਇਹ ਨਹੀਂ ਕਿ ਭਾਜਪਾ ਨੇ ਕਿਸਾਨਾਂ ਦਾ ਗੁੱਸਾ ਠੰਢਾ ਕਰਨ ਲਈ ਜੋਰ ਨਹੀਂ ਲਾਇਆ ਬਲਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਬੇਗਾਨਗੀ ਦੀ ਭਾਵਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਹੈ। ਕਿਸਾਨਾਂ ’ਚ ਭਾਜਪਾ ਖਿਲਾਫ ਬਣੇ ਮਹੌਲ ਦਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਪਿਆ ਸੀ ਜਦੋਂ ਭਾਜਪਾ ਦੀ ਝੋਲੀ ਸਿਰਫ ਦੋ ਸੀਟਾਂ ਹੀ ਪੈ ਸਕੀਆਂ ਸਨ। ਵਿਧਾਨ ਸਭਾ ਚੋਣਾਂ ਹੀ ਨਹੀਂ ਕਿਸਾਨਾਂ ਦੇ ਰੋਹ ਦਾ ਪ੍ਰਭਾਵ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ’ਤੇ ਨਜ਼ਰ ਆਇਆ ਜਦੋਂ ਕਿਸਾਨ ਭਾਜਪਾ ਉਮੀਦਵਾਰਾਂ ਦੇ ਵਿਰੋਧ ’ਚ ਸਾਹਮਣੇ ਆਣ ਖਲੋਤੇ ਸਨ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ ਕਿ ਦਰਿਆਈ ਪਾਣੀਆਂ ਦੇ ਵਿਵਾਦ, ਚੰਡੀਗੜ੍ਹ ਪੰਜਾਬ ਨੂੰ ਸੌਂਪਣ , ਕਿਸਾਨਾਂ ਦੀ ਮੰਗ ਅਨੁਸਾਰ ਸਮੂਹ ਫਸਲਾਂ ਦੀ ਐਮਐਸਪੀ ’ਤੇ ਯਕੀਨੀ ਖਰੀਦ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਸੰਵੇਦਨਸ਼ੀਲ ਮੁੱਦੇ ਮਸਲੇ ਸਾਲਾਂ ਤੋਂ ਲਟਕ ਰਹੇ ਹਨ ਜਿੰਨ੍ਹਾਂ ਨੂੰ ਹੱਲ ਕੀਤਾ ਜਾਣਾ ਜਰੂਰੀ ਹੈ।
ਕਿਸਾਨੀ ਰੋਸਾ ਦੂਰ ਕਰਨ ਦੀ ਲੋੜ
ਦੱਸਣਯੋਗ ਹੈ ਕਿ ਭਾਜਪਾ ਦੇ ਸਮੂਹ ਆਗੂ ਆਖ ਚੁੱਕੇ ਹਨ ਕਿ ਪੰਜਾਬ ਵਿੱਚ ’ਆਪ’ ਸਰਕਾਰ ਦੇ ਰਾਜ ’ਚ ਨਸ਼ੇ ਦਾ ਕਾਰੋਬਾਰ ਵਧ ਫੁੱਲ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਸੰਕਟ ਨਾਲ ਨਜਿੱਠਣ ’ਚ ਫੇਲ੍ਹ ਰਹੀ ਹੈ। ਅੱਜ ਦੀ ਨਸ਼ਾ ਮੁਕਤ ਪੰਜਾਬ ਯਾਤਰਾ ’ਚ ਭਾਜਪਾ ਦੀ ਲੀਡਰਸ਼ਿਪ ਨੇ ਨਸ਼ਿਆਂ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਿਰਸੰਦੇਹ ਨਸ਼ਾ ਅਹਿਮ ਮੁੱਦਾ ਹੈ ਪਰ ਪੰਜਾਬ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਕੱਢਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ ਪਰ ਪੰਜਾਬ ਦੇ ਲੋਕਾਂ ਦੇ ਦਿਲਾਂ ’ਚ ਹਾਲੇ ਵੀ ਰੋਸਾ ਕਾਇਮ ਹੈ ਜੋ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਦੂਰ ਕਰਨ ਦੀ ਲੋੜ ਹੈ।
ਮਿਸ਼ਨ ਪੰਜਾਬ ਤੋਂ ਸਿਆਸੀ ਤੌਖਲੇ
ਭਾਜਪਾ ਦੇ ‘ਮਿਸ਼ਨ ਪੰਜਾਬ’ ਨੇ ਸਿਆਸੀ ਧਿਰਾਂ ’ਚ ਸਿਆਸੀ ਤੌਖਲੇ ਪੈਦਾ ਕਰ ਦਿੱਤੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਚੌਕੰਨੀਆਂ ਹੋ ਗਈਆਂ ਹਨ। ਸੂਤਰ ਦੱਸਦੇ ਹਨ ਕਿ ਭਾਜਪਾ ਨੇ ਦੂਸਰੇ ਸੂਬਿਆਂ ਵਾਂਗ ਹੁਣ ਪੰਜਾਬ ਵੱਲ ਆਪਣਾ ਹਮਲਾਵਰ ਰੁਖ਼ ਕਰ ਲਿਆ ਹੈ ਜਿਸ ਤੋਂ ਭਾਜਪਾ ਦੇ ਮਨਸੂਬੇ ਸਾਫ਼ ਹੋਣ ਲੱਗੇ ਹਨ। ਸੂਤਰ ਆਖਦੇ ਹਨ ਕਿ ਭਾਜਪਾ ਆਉਂਦੇ ਦਿਨੀਂ ‘ਮਿਸ਼ਨ ਪੰਜਾਬ’ ਤਹਿਤ ਸਿਆਸੀ ਭੰਨਤੋੜ ਦੀ ਰਣਨੀਤੀ ਵੀ ਅਪਣਾ ਸਕਦੀ ਹੈ ਜਿਸ ਤਹਿਤ ਆਪਣੇ ਵਿਰੋਧੀਆਂ ਨੂੰ ਹੋਰ ਹਲੂਣਾ ਦਿੱਤਾ ਜਾ ਸਕਦਾ ਹੈ। ਇਸੇ ਦੌਰਾਨ ਪਿਛਲੇ ਕੁੱਝ ਸਮੇਂ ਦੌਰਾਨ ਈਡੀ ਵੱਲੋਂ ਪੰਜਾਬ ’ਚ ਮਾਰਿਆਂ ਛਾਪਿਆਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਭਾਜਪਾ ਦੇ ਇਰਾਦੇ ਠੀਕ ਨਹੀਂ ਹਨ।
ਪੰਜਾਬ ਪ੍ਰਤੀ ਸੁਹਿਰਦ ਭਾਜਪਾ :ਬਲੀਏਵਾਲ
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਦੀ ਅਗਵਾਈ ਵਾਲੀ ਸਰਕਾਰ ਨੇ ਖੇਤੀ ਖੇਤਰ ਲਈ ਅਹਿਮ ਕੰਮ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਪੰਜਾਬ ਪ੍ਰਤੀ ਪੂਰੀ ਤਰਾਂ ਸੁਹਿਰਦ ਹੈ ਅਤੇ ਜਲਦੀ ਹੀ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਯਾਤਰਾ ਸਿਆਸੀ ਪ੍ਰੋਗਰਾਮ ਨਹੀਂ ਬਲਕਿ ਸਮਾਜ ਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨਾ ਹੈ ਜੋ ਸਿਰਫ ਭਾਜਪਾ ਹੀ ਕਰ ਸਕਦੀ ਹੈ।
- Download Babushahi App
-
-