ਹਾਈਕੋਰਟ ਦੇ ਹੁਕਮਾਂ ਤਹਿਤ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ MCA ਦੀ ਵੱਡੀ ਕਾਰਵਾਈ
6 ਗੈਰ-ਕਾਨੂੰਨੀ ਡੇਅਰੀਆਂ ਖਾਲੀ ਕਰਵਾਈਆਂ, ਪਸ਼ੂ ਗਊਸ਼ਾਲਾ ਭੇਜੇ; ਡੇਅਰੀ ਮਾਲਕਾਂ ਨੂੰ ਸਖ਼ਤ ਚੇਤਾਵਨੀ
ਅੰਮ੍ਰਿਤਸਰ, 18 ਸਤੰਬਰ 2026:
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਹੱਦ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਮਿਊਂਸਪਲ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ (IAS) ਅਤੇ ਐਡੀਸ਼ਨਲ ਮਿਊਂਸਪਲ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਕੇਂਦਰੀ ਜ਼ੋਨ ਅਧੀਨ ਆਉਂਦੇ ਵਾਰਡ ਨੰਬਰ 60, 58 ਅਤੇ 69 ਵਿੱਚ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਸਾਂਝੇ ਆਪ੍ਰੇਸ਼ਨ ਦੌਰਾਨ 6 ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਨੂੰ ਖਾਲੀ ਕਰਵਾਇਆ ਗਿਆ ਅਤੇ ਮੌਕੇ ਤੋਂ ਜ਼ਬਤ/ਇੰਪਾਊਂਡ ਕੀਤੇ ਗਏ ਪਸ਼ੂਆਂ ਨੂੰ ਤੁਰੰਤ ਨਿਰਧਾਰਤ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ।
ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਊਟੀ ਮੈਜਿਸਟ੍ਰੇਟ ਸ਼੍ਰੀ ਅੰਗਦ ਸਿੰਘ, ਨਗਰ ਨਿਗਮ ਸਿਹਤ ਵਿਭਾਗ ਕੇਂਦਰੀ ਜ਼ੋਨ ਦੀ ਟੀਮ, ਕੇਟਲ ਇੰਪਾਊਂਡ ਟੀਮ, ਨਗਰ ਨਿਗਮ ਪੁਲਿਸ ਫੋਰਸ ਅਤੇ ਕਮਿਸ਼ਨਰੇਟ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਕਾਰਵਾਈ ਕੀਤੀ।
ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਹੱਦ ਅੰਦਰ ਗੈਰ-ਕਾਨੂੰਨੀ ਢੰਗ ਨਾਲ ਪਸ਼ੂ ਡੇਅਰੀਆਂ ਚਲਾਉਣ ਕਾਰਨ ਜਨਤਕ ਸਿਹਤ, ਸਫ਼ਾਈ, ਸੀਵਰੇਜ ਪ੍ਰਬੰਧਨ ਅਤੇ ਆਮ ਲੋਕਾਂ ਦੀ ਸਹੂਲਤ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਅਜਿਹੀਆਂ ਡੇਅਰੀਆਂ ਨੂੰ ਸ਼ਹਿਰ ਦੀ ਹੱਦ ਤੋਂ ਬਾਹਰ ਕਰਵਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਕਾਰਵਾਈ ਦੌਰਾਨ ਕੁਝ ਡੇਅਰੀ ਮਾਲਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ, ਪਰ ਨਗਰ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਦਿਆਂ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਜਾਰੀ ਰੱਖੀ ਅਤੇ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ।
ਡੇਅਰੀ ਮਾਲਕਾਂ ਨੂੰ ਅਪੀਲ ਅਤੇ ਸਖ਼ਤ ਚੇਤਾਵਨੀ
ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਦੇ ਬਾਕੀ ਸਾਰੇ ਪਸ਼ੂ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਿਰਧਾਰਤ ਸਥਾਨਾਂ ’ਤੇ ਤਬਦੀਲ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ।
ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਇਹ ਮੁਹਿੰਮ ਕਿਸੇ ਇੱਕ ਇਲਾਕੇ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਜਾਰੀ ਰਹੇਗੀ। ਜੇਕਰ ਕੋਈ ਡੇਅਰੀ ਮਾਲਕ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਜਾਂ ਕਾਰਵਾਈ ਤੋਂ ਬਾਅਦ ਮੁੜ ਨਗਰ ਨਿਗਮ ਦੀ ਹੱਦ ਅੰਦਰ ਪਸ਼ੂ ਰੱਖਦਾ ਹੈ, ਤਾਂ ਉਸ ਵਿਰੁੱਧ ਲਾਗੂ ਕਾਨੂੰਨਾਂ ਅਤੇ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਹੋਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿਊਂਸਪਲ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ (IAS) ਅਤੇ ਐਡੀਸ਼ਨਲ ਮਿਊਂਸਪਲ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਸ਼ਹਿਰ ਵਿੱਚ ਗੈਰ-ਕਾਨੂੰਨੀ ਡੇਅਰੀਆਂ ਦੀ ਪਛਾਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾਵੇ।
ਇਸ ਕਾਰਵਾਈ ਦੌਰਾਨ ਡਾ. ਕਿਰਨ, ਸਿਹਤ ਅਫ਼ਸਰ; ਸ਼੍ਰੀ ਜਤਿੰਦਰ ਪਾਲ ਸਿੰਘ ਬੱਬਰ, C.S.O.; ਸ਼੍ਰੀ ਸਰਬਜੀਤ ਸਿੰਘ, CSI; ਸ਼੍ਰੀ ਰਵਿੰਦਰ ਕੁਮਾਰ; ਸ਼੍ਰੀ ਰਵਿੰਦਰਜੀਤ ਸਿੰਘ; ਸ਼੍ਰੀ ਬਲਰਾਮ ਅਠਵਾਲ; ਸ਼੍ਰੀ ਤਜਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ, ਸਮੇਤ ਨਗਰ ਨਿਗਮ ਦਾ ਸੁਪਰਵਾਈਜ਼ਰੀ ਸਟਾਫ਼ ਅਤੇ ਹੋਰ ਸਬੰਧਤ ਕਰਮਚਾਰੀ ਮੌਕੇ ’ਤੇ ਮੌਜੂਦ ਰਹੇ।
- Download Babushahi App
-
-