Crime Special -ਨਾਲੇ ਚੋਰੀ ਨਾਲੇ ਸੀਨਾ ਜੋਰੀ : ਮੋਟਰਸਾਈਕਲ ਮੋੜਨ ਲਈ ਗੈਂਗਸਟਰਾਂ ਵਾਂਗ ਫਿਰੌਤੀ ਮੰਗੀ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2026 : ਬਠਿੰਡਾ ’ਚ ਪੁਲਿਸ ਪ੍ਰਬੰਧਾਂ ਨੂੰ ਠੇਂਗਾ ਦਿਖਾਕੇ ਚੋਰਾਂ ਦੀ ਨਾਲੇ ਚੋਰੀ ਤੇ ਨਾਲੇ ਸੀਨਾ ਜੋਰੀ ਵਾਲੀ ਨੀਤੀ ਵਾਂਗ ਚੋਰੀ ਕੀਤਾ ਮੋਟਰਸਾਈਕਲ ਮੋੜਨ ਲਈ ਮਾਲਕ ਤੋਂ ਗੈਂਗਸਟਰਾਂ ਵਾਂਗ ਫਿਰੌਤੀ ਮੰਗਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਇਸ ਪਹਿਲੇ ਅਤੇ ਨਿਵੇਕਲੇ ਮਾਮਲੇ ਨੇ ਨਾਂ ਸਿਰਫ ਆਮ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਬਲਕਿ ਪੁਲਿਸ ਪ੍ਰਸ਼ਾਸ਼ਨ ਦੇ ਸਰੱਖਿਆ ਤਾਮ ਝਾਮ ਲਈ ਇੱਕ ਤਰਾਂ ਨਾਲ ਨਵੀਂ ਅਤੇ ਸਿੱਧੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਮਹਾਂਨਗਰ ਬਠਿੰਡਾ ’ਚ ਚੋਰਾਂ ਦੇ ਇਸ ਕੀਰਤੀਮਾਨ ਦਾ ਇਹ ਬਿਲਕੁਲ ਨਵਾਂ ਤੇ ਹੈਰਾਨਕੁੰਨ ਮਾਮਲਾ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਾਤਰ ਚੋਰ ਹੁਣ ਚੋਰੀ ਕੀਤੇ ਮੋਟਰਸਾਈਕਲ ਆਦਿ ਨੂੰ ਅੱਗੇ ਕੌਡੀਆਂ ਦੇ ਭਾਅ ਵੇਚਣ ਦਾ ਖਤਰਾ ਮੁੱਲ ਲੈਣ ਦੀ ਥਾਂ ਸਿੱਧੇ ਮਾਲਕ ਦੀ ਤਲਾਸ਼ ਕਰਕੇ ਫਿਰੌਤੀ ਵਸੂਲਣ ਦੇ ਰਾਹ ਪੈਣ ਲੱਗੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਗੌਰਵ ਗੁਪਤਾ ਦੀ ਬਾਈਕ ਬੱਸ ਅੱਡੇ ਦੇ ਨਜ਼ਦੀਕ ਇੱਕ ਪ੍ਰਾਈਵੇਟ ਬੈਂਕ ਦੇ ਨਜ਼ਦੀਕ ਤੋਂ ਚੋਰੀ ਹੋ ਗਿਆ ਸੀ। ਚੋਰੀ ਦੀ ਇਹ ਵਾਰਦਾਤ ਨਜ਼ਦੀਕ ਲੱਗੇ ਇੱਕ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਗੌਰਵ ਨੇ ਆਪਣਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਥਾਣਾ ਸਿਵਲ ਲਾਈਨ ’ਚ ਇਸ ਦੀ ਸ਼ਕਾਇਤ ਵੀ ਦਰਜ ਕਰਵਾ ਦਿੱਤੀ। ਇਸੇ ਦੌਰਾਨ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਬਾਈਕ ਬਰਾਮਦ ਕਰਨ ’ਚ ਸਹਾਇਤਾ ਤੇ ਤੌਰ ’ਤੇ ਮੋਟਰਸਾਈਕਲ ਮਾਲਕ ਦਾ ਮੋਬਾਇਲ ਨੰਬਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੱਤਾ ਅਤੇ ਫੇਸਬੁੱਕ ਲਾਈਵ ਰਾਹੀਂ ਇਸ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਸੀ। ਗੌਰਵ ਨੇ ਦੱਸਿਆ ਕਿ ਇਸ ਤੋਂ ਬਾਅਦ ਬਾਈਕ ਚੋਰ ਨੇ ਵਟਸਐਪ ਮੈਸੇਜ ਕਰਕੇ ਪੁੱਛਿਆ ਕਿ ਕੀ ਤੁਹਾਡਾ ਮੋਟਰਸਾਈਕਲ ਮਿਲ ਗਿਆ ਹੈ ਤਾਂ ਉਸ ਨੇ ਨਾਂਹ ਵਿੱਚ ਜਵਾਬ ਦੇ ਦਿੱਤਾ।
ਗੌਰਵ ਨੇ ਦੱਸਿਆ ਕਿ ਉਸ ਪਿੱਛੋਂ ਸਿੱਧਾ ਸੌਦੇਬਾਜੀ ’ਤੇ ਆ ਗਿਆ ਅਤੇ ਕਿਹਾ ਕਿ ਜੇਕਰ ਮੋਟਰਸਾਈਕਲ ਵਾਪਿਸ ਚਾਹੀਦਾ ਹੈ ਤਾਂ 6 ਹਜ਼ਾਰ ਰੁਪਏ ਦੇਣੇ ਪੈਣਗੇ। ਉਨ੍ਹਾਂ ਦੱਸਿਆ ਕਿ ਉਸ ਨੇ ਚੋਰ ਤੋਂ ਸਬੂਤ ਮੰਗਿਆ ਤਾਂ ਉਸ ਨੇ ਬਾਈਕ ਦੇ ਇੰਜਣ ਅਤੇ ਚੈਸੀ ਨੰਬਰ ਦੀ ਲਾਈਵ ਫੋਟੋ ਖਿੱਚ੍ਹਕੇ ਵਟਸਐਪ ਕਰ ਦਿੱਤੀ। ਆਪਣੇ ਮੋਟਰਸਾਈਕਲ ਦੀ ਪਛਾਣ ਹੋਣ ਤੋਂ ਬਾਅਦ ਚੋਰ ਨੇ ਗੌਰਵ ਨੂੰ ਉਸ ਦੇ ਵਟਸਐਪ ’ਤੇ ਇੱਕ ਸਕੈਨਰ ਭੇਜ ਦਿੱਤਾ । ਗੌਰਵ ਨੇ ਦੱਸਿਆ ਕਿ ਉਸ ਨੇ ਉਸੇ ਵਕਤ 1 ਹਜ਼ਾਰ ਰੁਪਏ ਪੇਸ਼ਗੀ ਟਰਾਂਸਫਰ ਕਰ ਦਿੱਤੇ। ਉਸ ਮਗਰੋਂ ਚੋਰ ਨੇ ਗੌਰਵ ਨੂੰ ਨਵੀਂ ਬਸਤੀ ਦੇ ਇੱਕ ਮਕਾਨ ਦੀ ਲੋਕੇਸ਼ਨ ਭੇਜ ਦਿੱਤੀ ਅਤੇ ਉੱਥੋਂ ਆਪਣਾ ਮੋਟਰਸਾਈਕਲ ਲੈਣ ਲਈ ਕਿਹਾ। ਜਦੋਂ ਉਹ ਦੱਸੀ ਹੋਈ ਥਾਂ ’ਤੇ ਪੁੱਜਿਆ ਤਾਂ ਉਸ ਘਰ ’ਚ ਰਹਿਣ ਵਾਲੇ ਬਜ਼ੁਰਗ ਪ੍ਰੀਵਾਰ ਨੇ ਕਿਹਾ ਕਿ ਇੱਥੇ ਕੋਈ ਮੋਟਰਸਾਈਕਲ ਨਹੀਂ ਹੈ।
ਗੌਰਵ ਨੇ ਦੱਸਿਆ ਕਿ ਇਸ ਮੌਕੇ ਉਸ ਨੇ ਆਂਢ ਗੁਆਂਢ ਚੋਂ ਪ੍ਰੀਵਾਰ ਬਾਰੇ ਪੁੱਛਿਆ ਤਾਂ ਸਭ ਨੇ ਕਿਹਾ ਕਿ ਇਹ ਅਜਿਹੇ ਲੋਕ ਨਹੀਂ ਹਨ। ਜਦੋਂ ਉਸ ਨੇ ਚੋਰ ਦੇ ਵਟਸਐਪ ਨੰਬਰ ’ਤੇ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਸਵਿੱਚ ਆਫ ਕੀਤਾ ਹੋਇਆ ਸੀ। ਜਾਪਦਾ ਸੀ ਕਿ ਚੋਰ ਨੇ ਆਪਣਾ ਵਟਸਐਪ ਅਕਾਊਂਟ ਬੰਦ ਜਾਂ ਫਿਰ ਡਿਲੀਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸੇ ਦਿਨ ਉਸ ਨੇ ਤਮਾਮ ਸਬੂਤਾਂ ਸਮੇਤ ਬਠਿੰਡਾ ਪੁਲਿਸ ਨੂੰ ਦੁਬਾਰਾ ਸ਼ਕਾਇਤ ਦਰਜ ਕਰਵਾ ਦਿੱਤੀ। ਉਨ੍ਹਾਂ ਦੱਸਿਆ ਕਿ 6 ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਇਸ ‘ਚਤੁਰ’ ਚੋਰ ਨੂੰ ਲੱਭ ਨਹੀਂ ਕਰ ਸਕੀ ਜਿਸ ਨੇ ਪੁਲਿਸੀਆ ਤੰਤਰ ਨੂੰ ਚੁਣੌਤੀ ਦੇਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਐਸਐਸਪੀ ਬਠਿੰਡਾ ਤੋਂ ਐਸਆਈਟੀ ਬਣਾਕੇ ਇਸ ਹੈਰਾਨਕੁੰਨ ਅਤੇ ਦਲੇਰੀ ਭਰੇ ਮਾਮਲੇ ਤੋਂ ਪਰਦਾ ਚੁੱਕਣ ਦੀ ਮੰਗ ਕੀਤੀ ਹੈ।
ਪੁਲਿਸ ਸੁਸਤ- ਚੋਰ ਚੁਸਤ
ਸ਼ਹਿਰ ’ਚ ਲਗਾਤਾਰ ਵਧ ਰਹੀਆਂ ਮੋਟਰਸਾਈਕਲ ਅਤੇ ਕਾਰਾਂ ਆਦਿ ਚੋਰੀ ਦੀਆਂ ਵਾਰਦਾਤਾਂ ਬਠਿੰਡਾ ਪੁਲਿਸ ਲਈ ਸਿਰਦਰਦ ਬਣ ਚੁੱਕੀਆਂ ਹਨ। ਚੋਰ ਆਏ ਦਿਨ ਜਨਤਕ ਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਚੋਂ ਮੋਟਰਸਾਈਕਲ ਆਦਿ ਚੁੱਕ ਰਹੇ ਹਨ। ਸੀਸੀਟੀਵੀ ਫੁਟੇਜ ਅਤੇ ਪੁੁਖਤਾ ਸਬੂਤਾਂ ਦੇ ਬਾਵਜੂਦ ਪੁਲਿਸ ਚੋਰ ਫੜਨ ’ਚ ਨਾਕਾਮ ਸਾਬਤ ਹੋ ਰਹੀ ਹੈ। ਪੁਲਿਸ ਦੇ ਇਸ ਢਿੱਲੜ ਰਵਈਏ ਕਾਰਨ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਉਹ ਸੋਸ਼ਲ ਮੀਡੀਆ ਤੋਂ ਮੋਬਾਇਲ ਨੰਬਰ ਲੈਕੇ ਪੀੜਤਾਂ ਤੋਂ ਫਿਰੌਤੀਆਂ ਤੱਕ ਮੰਗਣ ਲੱਗੇ ਹਨ ਜਿਸ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਹੌਲ ਹੈ।
ਚੋਰਾਂ ਅਤੇ ਸਨੈਚਰਾਂ ਦਾ ਕਹਿਰ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸ ਕਿ ਬਠਿੰਡਾ ਵਿੱਚ ਲੋਕਾਂ ਨੂੰ ਚੋਰਾਂ ਅਤੇ ਝਪਟਮਾਰਾਂ ਦਾ ਕਹਿਰ ਝੱਲਣਾ ਪੈ ਰਿਹਾ ਹੈ ਅਤੇ ਔਰਤਾਂ ਦਾ ਇਕੱਲੇ ਸੜਕ ’ਤੇ ਤੁਰਨਾ ਮੁਹਾਲ ਹੋ ਗਿਆ ਹੈ। ਹਰ ਹਫਤੇ ਦੋ ਤੋਂ ਚਾਰ ਵਾਰਦਾਤਾਂ ਔਸਤਨ ਵਾਲੀਆਂ ਪੁੱਟਣ ਅਤੇ ਹੋਰ ਸਮਾਨ ਖੋਹਣ ਦੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਪੁਲੀਸ ਸਿਫ਼ਾਰਸ਼ ਬਿਨਾਂ ਡੱਕਾ ਨਹੀਂ ਤੋੜਦੀ ਅਤੇ ਪੀੜਤਾਂ ਨੂੰ ਜਾਂਚ ਦੇ ਨਾਮ ’ਤੇ ਟਰਕਾਇਆ ਜਾ ਰਿਹਾ ਹੈ।
ਜਾਣਕਾਰੀ ਪਿੱਛੋਂ ਟਿੱਪਣੀ : ਡੀਐਸਪੀ
ਡੀਐਸਪੀ ਸਿਟੀ ( 2) ਅਰੁਣ ਮੁੰਡਣ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਣਗੇ। ਪੁਲਿਸ ਲਈ ਚੁਣੌਤੀ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।
- Download Babushahi App
-
-