ਸ਼ੇਰਪੁਰ ਕਲਾਂ ਦੀ ਪੰਚਾਇਤੀ ਜ਼ਮੀਨ ਦੀ ਵਰਤੋਂ ਨੂੰ ਲੈ ਕੇ ਵਿਵਾਦ, ਪੰਚਾਇਤ ਮੈਂਬਰਾਂ ਨੇ ਜਾਂਚ ਦੀ ਕੀਤੀ ਮੰਗ
ਜਗਰਾਉਂ,(ਦੀਪਕ ਜੈਨ) ਪਿੰਡ ਸ਼ੇਰਪੁਰ ਕਲਾਂ ਵਿੱਚ ਪੰਚਾਇਤੀ ਜ਼ਮੀਨ ਦੀ ਵਰਤੋਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਨਹਿਰੀ ਖਾਲਾਂ ਦੇ ਨਿਰਮਾਣ ਕੰਮ ਲਈ ਪਿੰਡ ਦੀ ਵਾਹੀਯੋਗ ਪੰਚਾਇਤੀ ਜ਼ਮੀਨ 'ਤੇ ਮਟੀਰੀਅਲ ਤਿਆਰ ਕਰਨ ਵਾਸਤੇ ਕਰੈਸ਼ਰ ਪਲਾਂਟ ਸਥਾਪਤ ਕੀਤਾ ਗਿਆ, ਜਿਸ ਨਾਲ ਜ਼ਮੀਨ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣ ਸਕਦੀ ਹੈ।
ਪੰਚਾਇਤ ਮੈਂਬਰਾਂ ਬਲਦੇਵ ਸਿੰਘ, ਸ਼੍ਰੀਪਾਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਚੱਲ ਰਹੇ ਨਹਿਰੀ ਵਿਕਾਸ ਕਾਰਜਾਂ ਦੌਰਾਨ ਉਕਤ ਜ਼ਮੀਨ 'ਤੇ ਵੱਡੀ ਮਾਤਰਾ ਵਿੱਚ ਨਿਰਮਾਣ ਸਮੱਗਰੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੰਬੇ ਸਮੇਂ ਤੱਕ ਇਸ ਤਰ੍ਹਾਂ ਸਮੱਗਰੀ ਰੱਖੀ ਜਾਂਦੀ ਹੈ ਤਾਂ ਖੇਤੀਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਧਿਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਪੰਚਾਇਤੀ ਜ਼ਮੀਨ ਦੀ ਵਰਤੋਂ ਸਬੰਧੀ ਲੋੜੀਂਦੀਆਂ ਮਨਜ਼ੂਰੀਆਂ ਅਤੇ ਨਿਯਮਾਂ ਦੀ ਪਾਲਣਾ ਹੋਈ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਵੀ ਸੌਂਪੀ ਹੈ।
ਦੂਜੇ ਪਾਸੇ, ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਵਿੱਚ ਨਹਿਰੀ ਖਾਲਾਂ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਨਿਰਮਾਣ ਕਾਰਜ ਲਈ ਅਸਥਾਈ ਤੌਰ 'ਤੇ ਜਗ੍ਹਾ ਦੀ ਲੋੜ ਸੀ। ਉਨ੍ਹਾਂ ਦੇ ਅਨੁਸਾਰ ਪੰਚਾਇਤੀ ਜ਼ਮੀਨ ਸਾਂਝੀ ਸੰਪਤੀ ਹੋਣ ਕਰਕੇ ਕੰਮ ਦੀ ਸੁਵਿਧਾ ਲਈ ਵਰਤੋਂ ਵਾਸਤੇ ਦਿੱਤੀ ਗਈ ਸੀ ਅਤੇ ਇਸ ਦੇ ਬਦਲੇ ਕੋਈ ਕਿਰਾਇਆ ਜਾਂ ਆਰਥਿਕ ਲਾਭ ਪ੍ਰਾਪਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੁਝ ਪਿੰਡ ਵਾਸੀਆਂ ਨੇ ਇਤਰਾਜ਼ ਜਤਾਇਆ ਤਾਂ ਠੇਕੇਦਾਰ ਨੂੰ ਸਮੱਗਰੀ ਹਟਾਉਣ ਲਈ ਕਹਿ ਦਿੱਤਾ ਗਿਆ।
ਨਿਰਮਾਣ ਕੰਮ ਨਾਲ ਜੁੜੇ ਠੇਕੇਦਾਰ ਰਮਿੰਦਰ ਸਿੰਘ ਰੂਮੀ ਨੇ ਦੱਸਿਆ ਕਿ ਨਹਿਰੀ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਮਟੀਰੀਅਲ ਤਿਆਰ ਕਰਨ ਵਾਸਤੇ ਥਾਂ ਦੀ ਲੋੜ ਸੀ। ਉਨ੍ਹਾਂ ਮੁਤਾਬਕ ਪੰਚਾਇਤ ਦੀ ਸਹਿਮਤੀ ਨਾਲ ਜਗ੍ਹਾ ਦੀ ਵਰਤੋਂ ਕੀਤੀ ਗਈ ਅਤੇ ਹੁਣ ਕੰਮ ਅੰਤਿਮ ਪੜਾਅ ਵਿੱਚ ਹੋਣ ਕਾਰਨ ਸਮੱਗਰੀ ਅਤੇ ਸਾਜ਼ੋ-ਸਾਮਾਨ ਨੂੰ ਉਥੋਂ ਹਟਾਇਆ ਜਾ ਰਿਹਾ ਹੈ।
ਉਧਰ, ਬਲਾਕ ਵਿਕਾਸ ਤੇ ਪੰਚਾਇਤ ਅ
ਫ਼ਸਰ ਸੁਰਜੀਤ ਚੰਦ ਨੇ ਦੱਸਿਆ ਕਿ ਪ੍ਰਾਪਤ ਸ਼ਿਕਾਇਤ ਨੂੰ ਅਗਲੀ ਜਾਂਚ ਲਈ ਪੰਚਾਇਤ ਸਕੱਤਰ ਅਤੇ ਮਾਲ ਪਟਵਾਰੀ ਕੋਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਾਮਲੇ ਦੀ ਅੰਤਿਮ ਸਥਿਤੀ ਸੰਬੰਧਿਤ ਵਿਭਾਗੀ ਜਾਂਚ ਅਤੇ ਅਧਿਕਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।
- Download Babushahi App
-
-