ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਪੂਰੀ ਤਰਾਂ ਪੰਥ ਅਤੇ ਪੰਜਾਬ ਨੂੰ ਸਮਰਪਿਤ- ਸ ਵਡਾਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 11 ਜੂਨ 2026: ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀ ਖੇਤਰੀ ਪਾਰਟੀ ਹੈ ਜੋ ਪੂਰੀ ਤਰਾਂ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਕੁੱਝ ਛੋਟੇ ਮੋਟੇ ਸੋਸ਼ਲ ਮੀਡੀਆ ਚੈਨਲ ਇਹ ਪ੍ਰਚਾਰ ਕਰ ਰਹੇ ਹਨ ਕਿ ਅਕਾਲੀ ਦਲ ਨੇ ਕੁੱਝ ਪਾਰਟੀਆਂ ਨਾਲ ਗਠਜੋੜ ਕਰ ਲਿਆ ਹੈ, ਜਿੱਥੇ ਸੀਟਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਸ ਵਡਾਲਾ ਨੇ ਕਿਹਾ ਕਿ ਇਹ ਪ੍ਰਚਾਰ ਸਿਰਫ ਆਪਣੇ ਵਿਊ ਵਧਾਉਣ ਦੀ ਕਵਾਇਦ ਹੈ ਜਿਸ ਵਿੱਚ ਜਰਾ ਵੀ ਸਚਾਈ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇਕ ਸਦੀ ਪੁਰਾਣੀ ਪਾਰਟੀ ਹੈ, ਜਿਸ ਦਾ ਇਤਿਹਾਸ ਰਿਹਾ ਹੈ ਕਿ ਇਸਨੇ ਹਮੇਸ਼ਾਂ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ। ਇਹ ਠੀਕ ਹੈ ਕਿ ਪਿਛਲੇ ਕੁਝ ਸਾਲ ਸਤ੍ਹਾ ਦੇ ਲਾਲਚੀ ਲੋਕਾਂ ਨੇ ਇਸ ਜਥੇਬੰਦੀ ਨੂੰ ਅਗਵਾ ਕਰ ਲਿਆ ਸੀ, ਪਰ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਉਹ ਸਾਰੀ ਮੈਲ ਧੋਤੀ ਗਈ ਹੈ। ਇਸ ਜਥੇਬੰਦੀ ਦੀ ਮੌਜੂਦਾ ਲੀਡਰਸ਼ਿਪ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੈ। ਅਸੀ ਕਿਸੇ ਵੀ ਅਜਿਹੇ ਗਠਜੋੜ ਦਾ ਹਿੱਸਾ ਨਹੀਂ ਬਣਾਗੇ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਏ ਲੋਕ ਸ਼ਾਮਲ ਹੋਣਗੇ। ਸ ਵਡਾਲਾ ਨੇ ਕਿਹਾ ਕਿ ਅਸੀਂ ਖੇਤਰੀ ਪਾਰਟੀ ਹਾਂ ਅਤੇ ਸੰਘੀ ਢਾਂਚੇ ਵਿੱਚ ਰਹਿੰਦਿਆਂ ਪੰਥ ਅਤੇ ਪੰਜਾਬ ਦੇ ਮੁੱਦਿਆ ਨੂੰ ਅੱਗੇ ਰੱਖ ਕੇ ਰਾਜਨੀਤੀ ਕਰਾਂਗੇ। ਰਾਜਨੀਤੀ ਵਿੱਚ ਸਾਡਾ ਮਕਸਦ ਸਿਰਫ਼ ਰਾਜਭਾਗ ਮਾਨਣਾ ਨਹੀਂ, ਸਗੋਂ ਉਸ ਪਾਰਟੀ ਨਾਲ ਹੀ ਗਠਜੋੜ ਕੀਤਾ ਜਾਏਗਾ ਜੋ ਪੰਥ ਅਤੇ ਪੰਜਾਬ ਨੂੰ ਬਣਦਾ ਮਾਣ ਸਤਿਕਾਰ ਦੇਣਗੇ। ਸਾਡਾ ਨਿਸ਼ਾਨਾ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਸੁਹਿਰਦਤਾ ਨਾਲ ਹੱਲ ਕਰਾਉਣਾ ਹੈ ਨਾ ਕਿ ਸਿਰਫ ਸਿਆਸੀ ਲਾਹਾ ਲੈਣ ਦਾ।
- Download Babushahi App
-
-