ਪੰਜਾਬ ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ ਪੰਜਾਬ ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ
ਚੰਡੀਗੜ, 17 ਅਗਸਤ 2025 - ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਉਦਯੋਗ ਕ੍ਰਾਂਤੀ ਦਿ੍ਰਸਟੀਕੋਣ ਤਹਿਤ “ ਰਾਈਜ਼ਿੰਗ ਪੰਜਾਬ - ਸਜੈਸ਼ਨਜ਼ ਟੂ ਸੌਲੂਸ਼ਨਜ਼ ’’ ਥੀਮ ਵਾਲੇ ਸਮਾਗਮਾਂ ਦੀ ਇੱਕ ਵਿਸ਼ੇਸ਼ ਲੜੀ ਦਾ ਐਲਾਨ ਕੀਤਾ । ਇਸ ਪਹਿਲਕਦਮੀ ਦੀ ਅਗਵਾਈ ਉਦਯੋਗ ਅਤੇ ਵਣਜ-ਕਮ-ਨਿਵੇਸ਼ ਪ੍ਰਮੋਸ਼ਨ ਮੰਤਰੀ ਸ੍ਰੀ ਸੰਜੀਵ ਅਰੋੜਾ ਕਰ ਰਹੇ ਹਨ। ਇਹ ਸਮਾਗਮ ਰਾਜ ਦੀਆਂ ਨਵੀਆਂ ਉਦਯੋਗ-ਅਨੁਕੂਲ ਨੀਤੀਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਰਕਾਰ ਅਤੇ ਉਦਯੋਗ ਜਗਤ ਦੇ ਆਗੂਆਂ ਵਿਚਕਾਰ ਗੱਲਬਾਤ ਲਈ ਸਿੱਧਾ ਪਲੇਟਫਾਰਮ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ।
ਮੁੱਖ ਖੇਤਰ
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਸਮਾਗਮ ਉਦਯੋਗ ਅਤੇ ਵਣਜ ਵਿਭਾਗ, ਪੀਐਸਆਈਈਸੀ, ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਦੇ ਮੁੱਖ ਸੁਧਾਰਾਂ ਨੂੰ ਉਜਾਗਰ ਕਰਨਗੇ। ਭਾਈਵਾਲਾਂ ਨੂੰ ਕਲੱਬਿੰਗ/ਡੀ-ਕਲੱਬਿੰਗ ਨੀਤੀ, ਪਲਾਟ ਫਰੈਗਮੈਂਟੇਸਨ ਨੀਤੀ, ਰੱਦ ਕੀਤੇ ਪਲਾਟਾਂ ਦੀ ਬਹਾਲੀ ਸਬੰਧੀ ਨੀਤੀ (ਅਪੀਲੇਟ ਅਥਾਰਟੀ ਰਾਹੀਂ), ਲੀਜਹੋਲਡ ਟੂ ਫ੍ਰੀਹੋਲਡ ਨੀਤੀ ਅਤੇ ਬਕਾਇਆਂ ਲਈ ਇੱਕ ਮੁਸ਼ਤ ਨਿਪਟਾਰਾ (ਓਟੀਐਸ) ਸਕੀਮ ਤੋਂ ਕਿਵੇਂ ਲਾਭ ਉਠਾਉਣਾ ਹੈ, ਇਸ ਬਾਰੇ ਵਿਸਤਿ੍ਰਤ ਜਾਣਕਾਰੀ ਦਿੱਤੀ ਜਾਵੇਗੀ।
ਇਸ ਪਹਿਲਕਦਮੀ ਬਾਰੇ ਬੋਲਦਿਆਂ ਉਦਯੋਗ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ “ਰਾਈਜਿੰਗ ਪੰਜਾਬ ਸਿਰਫ ਨੀਤੀਆਂ ਬਾਰੇ ਨਹੀਂ ਹੈ - ਇਹ ਸਾਡੇ ਉਦਯੋਗਾਂ ਦੀ ਆਵਾਜ ਬਣਨ, ਉਨਾਂ ਦੀਆਂ ਜਰੂਰਤਾਂ ਨੂੰ ਸੁਣਨ ਅਤੇ ਜਮੀਨੀ ਪੱਧਰ ਤੇ ਉਹਨਾਂ ਦੇ ਅਸਲ ਹੱਲ ਲੱਭਣ ਬਾਰੇ ਹੈ। ਸਾਡਾ ਉਦੇਸ਼ ਪੰਜਾਬ ਨੂੰ ਨਿਵੇਸ਼ਕਾਂ ਅਤੇ ਉੱਦਮੀਆਂ ਲਈ ਮੌਕਿਆਂ ਦਾ ਕੇਂਦਰ ਬਣਾਉਣਾ ਹੈ, ਅਸੀਂ ਪੰਜਾਬ ਵਿੱਚ ਉਦਯੋਗ ਕ੍ਰਾਂਤੀ ਲਿਆ ਰਹੇ ਹਾਂ।”
ਪੰਜਾਬ ਦੇ ਵਿਕਾਸ ਨੂੰ ਸਸ਼ਕਤ ਬਣਾਉਣਾ
“ਰਾਈਜਿੰਗ ਪੰਜਾਬ” ਸਮਾਗਮ ਪੰਜਾਬ ਦੇ ਉਦਯੋਗਿਕ ਵਾਤਾਵਰਣ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ, ਕਾਰੋਬਾਰਾਂ ਵਿੱਚ ਵਿਸਥਾਰ, ਨਵੀਨਤਾ ਅਤੇ ਰੁਜ਼ਗਾਰ ਪੈਦਾ ਕਰਨ ਲਈ ਸਸ਼ਕਤ ਬਣਾਉਣ ਵਿੱਚ ਅਗਲੇਰਾ ਕਦਮ ਹੈ। ਉਨਾਂ ਅੱਗੇ ਕਿਹਾ ਕਿ ਇਸ ਨਾਲ, ਪੰਜਾਬ ਸਰਕਾਰ ਇੱਕ ਪ੍ਰਗਤੀਸੀਲ, ਨਿਵੇਸ਼-ਅਨੁਕੂਲ ਅਤੇ ਵਿਕਾਸ-ਅਧਾਰਤ ਅਰਥਵਿਵਸਥਾ ਬਣਾਉਣ ਦੇ ਆਪਣੇ ਵਾਅਦੇ ਦੀ ਪੁਸ਼ਟੀ ਕਰਦੀ ਹੈ।
ਕੈਬਨਿਟ ਮੰਤਰੀ ਸ੍ਰੀ. ਸੰਜੀਵ ਅਰੋੜਾ ਨੇ ਕਿਹਾ ਕਿ ਸਮਾਗਮਾਂ ਦਾ ਸ਼ੈਡਿਊਲ ਇਸ ਪ੍ਰਕਾਰ ਹੈ
ਇਵੈਂਟ ਸ਼ੈਡਿਊਲ
- ਅੰਮਿ੍ਰਤਸਰ - 19 ਅਗਸਤ
- ਜਲੰਧਰ - 20 ਅਗਸਤ
- ਲੁਧਿਆਣਾ - 21 ਅਗਸਤ
- ਐਸਏਐਸ ਨਗਰ - 25 ਅਗਸਤ
- ਬਠਿੰਡਾ - 27 ਅਗਸਤ