ਦਰਿਆ ਰਾਵੀ ਵਿੱਚ 150000 ਕਿਊਸਿਕ ਪਾਣੀ ਛੱਡਿਆ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ
- ਐੱਸ.ਐੱਸ.ਪੀ., ਏ.ਡੀ.ਸੀ. ਤੇ ਐੱਸ.ਡੀ.ਐੱਮ. ਨੇ ਮਕੌੜਾ ਪੱਤਣ ਦਾ ਦੌਰਾ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 17 ਅਗਸਤ 2025 - ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਤਹਿਤ ਅੱਜ ਸਵੇਰੇ ਉੱਜ ਦਰਿਆ ਅਤੇ ਰਣਜੀਤ ਸਾਗਰ ਡੈਮ 'ਚੋਂ 150000 ਕਿਊਸਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ। ਇਹ ਇਸ ਸੀਜ਼ਨ ਦੌਰਾਨ ਰਾਵੀ ਦਰਿਆ ਵਿੱਚ ਛੱਡਿਆ ਜਾਣ ਵਾਲਾ ਪਾਣੀ ਦਾ ਸਭ ਤੋਂ ਵੱਧ ਪੱਧਰ ਸੀ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਸਵੇਰੇ ਜਿਉਂ ਹੀ ਦਰਿਆ ਰਾਵੀ ਵਿੱਚ 150000 ਕਿਊਸਿਕ ਪਾਣੀ ਛੱਡਣ ਦੀ ਸੂਚਨਾ ਮਿਲੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਦਰਿਆ ਉੱਜ ਤੇ ਦਰਿਆ ਰਾਵੀ ਕਿਨਾਰੇ ਦੀ ਵਸੋਂ ਨੂੰ ਦਰਿਆ ਤੋਂ ਦੂਰ ਸੁਰੱਖਿਅਤ ਥਾਵਾਂ ਉੱਪਰ ਜਾਣ ਲਈ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸੰਭਾਵੀ ਹੜ੍ਹਾਂ ਵਾਲੇ ਖੇਤਰਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਅਤੇ ਫਲੱਡ ਪਲਾਨ ਅਨੁਸਾਰ ਨਿਰਧਾਰਿਤ ਥਾਵਾਂ ਉੱਪਰ ਬਣਾਏ ਜਾਣ ਵਾਲੇ ਰਾਹਤ ਕੈਂਪਾਂ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਦਰਿਆ ਰਾਵੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਸਾਰੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
ਡਿਪਟੀ ਕਮਿਸ਼ਨਰ ਨੇ ਦਰਿਆ ਉੱਜ ਅਤੇ ਰਾਵੀ ਦੇ ਨੇੜੇ ਰਹਿੰਦੀ ਵਸੋਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਘੱਟੋ-ਘੱਟ 200 ਮੀਟਰ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ। ਉਨ੍ਹਾਂ ਕਿਹਾ ਕਿ ਪਹਾੜਾਂ ਵਿੱਚ ਹੋ ਰਹੀ ਬਾਰਸ਼ ਕਾਰਨ ਕਿਸੇ ਸਮੇਂ ਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜਾਂ ਕਿਸੇ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫ਼ਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।
ਇਸੇ ਦੌਰਾਨ ਅੱਜ ਦੁਪਹਿਰੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ ਵੱਲੋਂ ਮਕੌੜਾ ਪੱਤਣ ਵਿਖੇ ਪਹੁੰਚ ਕੇ ਦਰਿਆ ਰਾਵੀ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਐੱਸ.ਐੱਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਦਰਿਆ ਰਾਵੀ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਦਿਨੇ ਲੰਘ ਚੁੱਕਾ ਹੈ ਅਤੇ ਸ਼ਾਮ ਤੱਕ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਦਰਿਆਵਾਂ ਦੇ ਨਜ਼ਦੀਕ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।