ਜ਼ਿਲ੍ਹਾ ਪ੍ਰਸ਼ਾਸਨ ਨੇ ਨਿਹੰਗ ਜਥੇਬੰਦੀ ਨੂੰ ਧਰਮਪੁਰਾ ਕਲੋਨੀ ਬਟਾਲਾ ਤੋਂ ਨਜਾਇਜ਼ ਕਬਜ਼ਾ ਛੱਡਣ ਲਈ ਕਿਹਾ
- ਸੰਗਤਾਂ ਦੀਆਂ ਭਾਵਨਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਨਿਹੰਗ ਜਥੇਬੰਦੀ ਗੁਰੂ ਸਾਹਿਬ ਦਾ ਪ੍ਰਕਾਸ਼ ਕਿਸੇ ਹੋਰ ਢੁੱਕਵੀਂ ਥਾਂ ਜਾਂ ਗੁਰਦੁਆਰਾ ਸਾਹਿਬ ਵਿਖੇ ਕਰੇ
ਰੋਹਿਤ ਗੁਪਤਾ
ਗੁਰਦਾਸਪੁਰ, 17 ਅਗਸਤ 2025 - ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ., ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਨੇ ਨਿਹੰਗ ਸਿੰਘ ਜਥੇਬੰਦੀ ਨੂੰ ਕਿਹਾ ਹੈ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਹਨ ਬਟਾਲਾ ਸਥਿਤ ਨਗਰ ਸੁਧਾਰ ਟਰੱਸਟ ਦੀ ਕਲੋਨੀ ਧਰਮਪੁਰਾ ਵਿਖੇ ਨਜਾਇਜ਼ ਕਬਜ਼ੇ ਨੂੰ ਤੁਰੰਤ ਹਟਾ ਲੈਣ।
ਅੱਜ ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਕਾਰੀ ਥਾਂ ਉੱਪਰ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੀ ਧਰਮਪੁਰਾ ਕਲੋਨੀ ਜਿੱਥੇ ਇੱਕ ਨਿਹੰਗ ਸਿੰਘ ਜਥੇਬੰਦੀ ਵੱਲੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਉਹ ਥਾਂ ਨਗਰ ਸੁਧਾਰ ਟਰੱਸਟ ਬਟਾਲਾ ਦੀ ਮਲਕੀਅਤ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ਨਿਹੰਗ ਜਥੇਬੰਦੀ ਵੱਲੋਂ ਨਜਾਇਜ਼ ਕਬਜ਼ਾ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਉਹ ਥਾਂ ਸਾਫ਼-ਸੁਥਰੀ ਨਹੀਂ ਹੈ ਅਤੇ ਕਈ ਅਵਾਰਾ ਜਾਨਵਰ ਵੀ ਓਥੇ ਘੁੰਮਦੇ ਰਹਿੰਦੇ ਹਨ, ਜਿਸ ਨਾਲ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਲਈ ਸੰਗਤਾਂ ਦੀਆਂ ਭਾਵਨਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਨਿਹੰਗ ਜਥੇਬੰਦੀ ਨੂੰ ਬਿਨਾਂ ਹੋਰ ਦੇਰੀ ਗੁਰੂ ਸਾਹਿਬ ਦਾ ਪ੍ਰਕਾਸ਼ ਓਥੋਂ ਕਿਸੇ ਹੋਰ ਢੁੱਕਵੀਂ ਥਾਂ ਜਾਂ ਗੁਰਦੁਆਰਾ ਸਾਹਿਬ ਵਿਖੇ ਲੈ ਜਾਣਾ ਚਾਹੀਦਾ ਹੈ, ਜਿੱਥੇ ਪੂਰੀ ਗੁਰ ਮਰਿਆਦਾ ਦੀ ਪਾਲਣਾ ਹੋ ਸਕੇ।
ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਦੱਸਿਆ ਕਿ ਇਸੇ ਹੀ ਥਾਂ ਉੱਪਰ ਭਗਤ ਕਬੀਰ ਜੀ ਦਾ ਭਵਨ ਬਣਾ ਕੇ ਭਗਤ ਕਬੀਰ ਜੀ ਦੀ ਮੂਰਤੀ ਸਥਾਪਤ ਕੀਤੀ ਹੋਈ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ ਪੰਥੀ ਸੰਗਤ ਨੂੰ ਮਹਾਰਾਜ ਭਗਤ ਕਬੀਰ ਜੀ ਦੇ ਸਤਿਕਾਰ ਸਬੰਧੀ ਸਮਝਾ ਕੇ ਭਗਤ ਕਬੀਰ ਜੀ ਦੀ ਮੂਰਤੀ ਪੂਰੀ ਸ਼ਰਧਾ ਤੇ ਸਤਿਕਾਰ ਸਹਿਤ ਭਗਤ ਕਬੀਰ ਜੀ ਭਵਨ, ਧਰਮਕੋਟ ਬੱਗਾ ਵਿਖੇ ਸਥਾਪਿਤ ਕਰ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਹੰਗ ਜਥੇਬੰਦੀ ਨਾਲ ਇਸ ਬਾਬਤ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇਸ ਨਜਾਇਜ਼ ਕਬਜ਼ੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਹੰਗ ਜਥੇਬੰਦੀ ਦੇ ਆਗੂ ਮਨਜੀਤ ਸਿੰਘ, ਸ਼ੇਰੇ ਪੰਜਾਬ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਘਨ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹੁਣ ਕਿਸੇ ਵਿਅਕਤੀ ਨੇ ਨਜ਼ਾਇਜ ਕਬਜ਼ਾ ਹਟਾਉਣ ਵੇਲੇ ਪ੍ਰਸ਼ਾਸਨ ਦੇ ਕੰਮ ਵਿੱਚ ਕੋਈ ਅੜਚਣ ਪਾਈ ਜਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਨਿਹੰਗ ਮਨਜੀਤ ਸਿੰਘ, ਸ਼ੇਰੇ ਪੰਜਾਬ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਹੈ, ਇਸ ਲਈ ਨਿਹੰਗ ਜਥੇਬੰਦੀ ਖ਼ੁਦ ਹੀ ਆਪਣਾ ਕਬਜ਼ਾ ਹਟਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ।
ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਡੀ.ਐੱਮ. ਬਟਾਲਾ ਸ੍ਰੀ ਵਿਕਰਮਜੀਤ ਸਿੰਘ, ਐੱਸ.ਪੀ. ਬਟਾਲਾ ਸ੍ਰੀਮਤੀ ਜਸਵੰਤ ਕੌਰ, ਡੀ.ਐੱਸ.ਪੀ. ਸ੍ਰੀ ਸੰਜੀਵ ਸ਼ਰਮਾ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਬਟਾਲਾ ਦੇ ਅਧਿਕਾਰੀ ਵੀ ਹਾਜ਼ਰ ਸਨ।