Babushahi Special ਬਾਹਰ ਸ਼ੇਰ ਘਰ ਵਿੱਚ ਰਹਿੰਦੇ ਢੇਰ ਪਤੀਆਂ ਦੀਆਂ ਕਦੇ ਖੁਸ਼ ਨਹੀਂ ਹੁੰਦੀਆਂ ਪਤਨੀਆਂ
ਅਸ਼ੋਕ ਵਰਮਾ
ਬਠਿੰਡਾ 17 ਅਗਸਤ 2025: ਕਿਧਰ ਜਾਣ ਇਹ ਪਤਨੀਆਂ ਦੇ ਸਤਾਏ ‘ਪਤੀ ਦੇਵ’ ਜਿੰਨ੍ਹਾਂ ਦੀ ਤਾਂ ਰਾਮੂਵਾਲੀਆ ਵੀ ਨਹੀਂ ਸੁਣਦਾ ਹੈ। ਸਿਵਾਏ ਤਰਲੇ ਮਾਰਨ ਤੋਂ ਉਨ੍ਹਾਂ ਦੇ ਪੱਲੇ ਕੱੁਝ ਨਹੀਂ ਬਚਦਾ ਹੈ। ਜੋ ਦਰਵਾਜੇ ਤੋਂ ਬਾਹਰ ਸ਼ੇਰ ਦਿਖਦੇ ਹਨ, ਉਹ ਘਰ ਆਕੇ ਪਤਨੀਆਂ ਅੱਗੇ ‘ਢੇਰ’ ਹੋ ਜਾਂਦੇ ਹਨ। ਸਭ ਨੂੰ ਇੱਕੋ ਵੱਟੇ ਤਾਂ ਤੋਲਣਾ ਗਲਤ ਹੈ, ਫਿਰ ਵੀ ਇਸ ਤਰ੍ਹਾਂ ਦੇ ‘ਪਤੀ ਦੇਵ’ ਹਨ ਜਿਨ੍ਹਾਂ ਨੂੰ ਘਰਾਂ ਅੰਦਰ ਘਰ ਵਾਲੀਆਂ ਦੇ ਖੜਕੇ ਦੜਕੇ ਦਾ ਸਾਹਮਣਾ ਹੈ। ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ ਦੇ ਇੱਕ ਅਧਿਐਨ ਵਿੱਚ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਪਤੀਆਂ ਦੇ ਮਾਮਲਿਆਂ ਨਾਲ ਜੁੜੇ ਹੈਰਾਨ ਕਰ ਦੇਣ ਵਾਲੇ ਅੰਕੜਿਆਂ ਤੋਂ ਪਰਦਾ ਉੱਠਿਆ ਹੈ। ਉਹ ਵੀ ਉਸ ਮੌਕੇ ਜਦੋਂ ਨਿਸਚਿਤ ਤੌਰ ਤੇ ਵਿਸ਼ਵ ਭਰ ਵਿੱਚ ਮੰਨਿਆ ਜਾਂਦਾ ਹੈ ਕਿ ਸਿਰਫ ਔਰਤਾਂ ਹੀ ਆਪਣੇ ਪਤੀਆਂ ਹੱਥੋਂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ।
ਅਧਿਐਨ ਟੀਮ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਅੰਕੜਿਆਂ ਤੋਂ ਇਹ ਸਿੱਟਾ ਕੱਢਿਆ ਕਿ ਦੋ ਸਰਵੇਖਣਾਂ ਦੇ ਵਿਚਲੇ ਇੱਕ ਦਹਾਕੇ ਵਿੱਚ ਪਤੀਆਂ ਵੱਲੋਂ ਪਤਨੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਘਟਨਾਵਾਂ ਵਿੱਚ 4 ਗੁਣਾ ਵਾਧਾ ਹੋਇਆ ਹੈ ਜੋ ਕਿ ਚਿੰਤਾਜਨਕ ਰੁਝਾਨ ਹੈ। ਇਸ ਦਾ ਮੁੱਖ ਕਾਰਨ ਪਤੀਆਂ ਵੱਲੋਂ ਸ਼ਰਾਬ ਪੀਕੇ ਘਰ ਆਉਣਾ ਅਤੇ ਪਤਨੀ ਨਾਲ ਦੁਰਵਿਵਹਾਰ ਕਰਨ ਵਜੋਂ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਦੂਸਰਾ ਅਹਿਮ ਕਾਰਨ ਪਤੀ ਵੱਲੋਂ ਆਪਣੀ ਪਤੀ ਤੇ ਬੇਵਫਾਈ ਦੇ ਦੋਸ਼ ਲਾਉਣਾ ਰਿਹਾ ਹੈ। ਸਮਾਜ ਵਿੱਚ ਰਿਸ਼ਤਿਆਂ ਦੀਆਂ ਤੰਦਾਂ ਟੁੱਟਣ ਕਾਰਨ ਆਏ ਦਿਨ ਵਾਪਰ ਰਹੀਆਂ ਨੂੰਹ ਵੱਲੋਂ ਸੱਸ ਦੀ ਹੱਤਿਆ, ਪਿਤਾ ਵੱਲੋਂ ਨਾਬਾਲਗ਼ ਧੀ ਨਾਲ ਜਬਰ-ਜਨਾਹ, ਪਿਓ ਵੱਲੋਂ ਪੁੱਤ ਦਾ ਕਤਲ, ਤਲਾਕ ਤੋਂ ਜਵਾਬ ਦੇਣ ਕਾਰਨ ਪਤਨੀ ਦੀ ਹੱਤਿਆ, ਨਾਜਾਇਜ਼ ਸਬੰਧਾਂ ਦੇ ਸ਼ੱਕ ਚ ਪਤੀ ਦਾ ਕਤਲ ਵਰਗੀਆਂ ਦਿਲ-ਕੰਬਾਊ ਘਟਨਾਵਾਂ ਦਰਮਿਆਨ ਇਹ ਤੱਥ ਉੱਭਰੇ ਹਨ।
ਨੈਸ਼ਨਲ ਫੈਮਿਲੀ ਹੈਲਥ ਸਰਵੇ 3 ਵਿੱਚ ਆਪਣੀ ਪਤਨੀ ਤੋਂ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਪ੍ਰਤੀ 1 ਹਜ਼ਾਰ ਦੀ ਆਬਾਦੀ ਪਿੱਛੇ 7 ਸੀ, ਜਦੋਂ ਕਿ ਅਗਲੇ ਸਰਵੇਖਣ ਵਿੱਚ ਇਹ ਵਧ ਕੇ 29 ਹੋ ਗਈ। ਇਸ ਰਿਪੋਰਟ ਮੁਤਾਬਕ ਕੱਲੇ ਕਹਿਰੇ ਪ੍ਰੀਵਾਰਾਂ ਦੇ ਮੁਕਾਬਲੇ ਸਾਂਝੇ ਪਰਿਵਾਰ ਵਿੱਚ ਔਰਤ ਵੱਲੋਂ ਆਪਣੇ ਪਤੀ ਵਿਰੁੱਧ ਹਿੰਸਾ ਘੱਟ ਕੀਤੀ ਜਾਂਦੀ ਹੈ ਜਦੋਂ ਕਿ ਅਮੀਰ ਪਤੀਆਂ ਦੇ ਮੁਕਾਬਲੇ ਆਪਣੀਆਂ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਗਰੀਬ ਪਤੀਆਂ ਦੀ ਗਿਣਤੀ ਦੁੱਗਣੀ ਹੈ । ਆਪਣੀਆਂ ਪਤਨੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣ ਵਾਲੇ 1 ਹਜ਼ਾਰ ਵਿੱਚੋਂ ਅਮੀਰ ਪਤੀਆਂ ਦੀ ਗਿਣਤੀ 19 ਹੈ ਜਦੋਂਕਿ ਗਰੀਬ ਘਰ ਵਾਲਿਆਂ ਦੀ ਗਿਣਤੀ 38 ਸਾਹਮਣੇ ਆਈ ਹੈ। ਅਧਿਐਨ ਮੁਤਾਬਕ ਪਤਨੀ ਕੋਲੋਂ ਕੁੱਟ ਖਾਣ ਵਾਲੇ ਇੱਕ ਹਜ਼ਾਰ ਪਤੀਆਂ ਚੋਂ 56 ਪਤੀ ਸ਼ਰਾਬ ਪੀਣ ਦੇ ਆਦੀ ਹੁੰਦੇ ਹਨ ਜਦੋਂ ਕਿ ਇੰਨ੍ਹਾਂ ਚੋਂ ਸੋਫੀ ਪਤੀਆਂ ਦੀ ਗਿਣਤੀ ਸਿਰਫ 17 ਹੈ ।
ਅਧਿਐਨ ਰਿਪੋਰਟ ਮੁਤਾਬਕ ਓਬੀਸੀ, ਐਸਸੀ-ਐਸਟੀ ਔਰਤਾਂ ਦੀ ਗਿਣਤੀ ਪਤੀਆਂ ਨੂੰ ਕੁੱਟਣ ਦੇ ਮਾਮਲੇ ਵਿੱਚ ਹੋਰਨਾਂ ਨੋਲੋਂ ਜ਼ਿਆਦਾ ਹੈ। ਪਤੀਆਂ ਨੂੰ ਕੁੱਟਣ ਵਾਲੀਆਂ ਔਰਤਾਂ ਐਸਸੀ-ਐਸਟੀ ਵਿੱਚ ਇੱਕ ਹਜ਼ਾਰ ਪਿੱਛੇ 37 ਹਨ। ਰਿਪੋਰਟ ਮੁਤਾਬਕ ਸਿੱਕਮ, ਗੋਆ ਅਤੇ ਮਿਜ਼ੋਰਮ ਵਰਗੇ ਛੋਟੇ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਅਧਿਐਨ ਆਈਆਈਪੀਐਸ ਦੀ ਅਪਰਾਜਿਤਾ ਚਟੋਪਾਧਿਆਏ, ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਸੰਤੋਸ਼ ਕੁਮਾਰ,ਆਈਆਈਪੀਐਸ ਦੀ ਦੀਪਾਂਜਲੀ ਵਿਸ਼ਵਕਰਮਾ ਅਤੇ ਸੰਸਥਾ ਦੇ ਪਬਲਿਕ ਹੈਲਥ ਐਂਡ ਐਥੀਕਲ ਸਟੱਡੀਜ਼ ਵਿਭਾਗ ਦੇ ਸੁਰੇਸ਼ ਜੁੰਗਾਰੀ ਵੱਲੋ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 24 ਸਾਲ ਤੱਕ ਦੀ ਉਮਰ ਦੀਆਂ 1 ਹਜ਼ਾਰ ਔਰਤਾਂ ਚੋਂ ਸਿਰਫ਼ 24 ਨੇ ਆਪਣੇ ਪਤੀਆਂ ਦੀ ਕੁੱਟਮਾਰ ਕੀਤੀ ਸਾਹਮਣੇ ਆਈ ਹੈ ਜਦੋਂਕਿ 49 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੀਆਂ 32 ਔਰਤਾਂ ਆਪਣੇ ਪਤੀਆਂ ਨੂੰ ਕੁੱਟਦੀਆਂ ਨਜ਼ਰ ਆਈਆਂ ਹਨ।
ਅਨਪੜ੍ਹ ਪਤੀ ਵੀ ਪੜ੍ਹੇ-ਲਿਖੇ ਪਤੀਆਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਕੁੱਟ ਖਾਂਦੇ ਹਨ। ਪਤੀਆਂ ਨੂੰ ਕੁੱਟਣ ਦੇ ਮਾਮਲੇ ’ਚ ਓਬੀਸੀ,ਐਸਸੀ,ਐਸਟੀ ਔਰਤਾਂ ਦੀ ਗਿਣਤੀ ਜਿਆਦਾ ਹੈ। ਐਸਸੀ ਐਸਟੀ ਵਰਗ ਵਿੱਚ ਪਤੀਆਂ ਨੂੰ ਕੁੱਟਣ ਵਾਲੀਆਂ ਔਰਤਾਂ ਦੀ ਗਿਣਤੀ ਇੱਕ ਹਜ਼ਾਰ ਪਿੱਛੇ 37 ਹੈ ਜਦੋਂਕਿ ਓਬੀਸੀ ਵਿੱਚ 29 ਅਤੇ ਹੋਰ ਜਾਤੀਆਂ ਵਿੱਚ 19 ਹਨ। ਅਧਿਐਨ ਵਿੱਚ ਪਤਨੀ ਨੂੰ ਗੁੱਸਾ ਆਉਣ ਦਾ ਕਾਰਨ ਕਿਸੇ ਹੋਰ ਪੁਰਸ਼ ਨਾਲ ਗੱਲ ਕਰਨ ਤੇ ਪਤੀ ਦਾ ਚਿੜਨਾ ਜਾਂ ਫਿਰ ਬਗੈਰ ਕਿਸੇ ਕਾਰਨ ਨਰਾਜ਼ਗੀ ਜਤਾਉਣਾ ਤੇ ਗਾਹੇ ਬਗਾਹੇ ਬਿਨਾਂ ਕਿਸੇ ਕਾਰਨ ਪਤਨੀ ਤੇ ਬੇਵਫਾ ਹੋਣ ਦੇ ਦੋਸ਼ ਲਾਉਣਾ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਅਧਿਐਨ ਰਿਪੋਰਟ ਮੁਤਾਬਕ ਪੈਸਿਆਂ ਦੇ ਮਾਮਲੇ ਵਿੱਚ ਪਤਨੀ ਤੇ ਯਕੀਨ ਨਾ ਕਰਨਾ ਅਤੇ ਫਿਜ਼ੂਲ ਖਰਚੀ ਦੇ ਦੋਸ਼ ਲਾਉਣ ਤੇ ਫਿਰ ਪਤਨੀਆਂ ਆਪਣੇ ਪਤੀ ਨੂੰ ਗਰਮੀ ਦਿਖਾਉਂਦੀਆਂ ਅਤੇ ਕੁੱਟ ਮਾਰ ਕਰਨ ਤੱਕ ਪੁੱਜ ਜਾਂਦੀਆਂ ਹਨ।
ਮਸਲੇ ਦੀ ਗੰਭੀਰਤਾ ਵੱਲ ਇਸ਼ਾਰਾ
ਆਪਣੀਆਂ ਸਹੇਲੀਆਂ ਜਾਂ ਜਾਣ-ਪਛਾਣ ਵਾਲਿਆਂ ਨੂੰ ਮਿਲਣ ਲਈ ਕਹਿਣ ਤੇ ਪਤੀ ਵੱਲੋਂ ਇਨਕਾਰ ਕਰਨ ਤੇ ਪਤਨੀਆਂ ਗੁੱਸਾ ਕਰਦੀਆਂ ਹਨ। ਪਤਨੀ ਵੱਲੋਂ ਪੇਕੇ ਜਾਣ ਲਈ ਕਹਿਣ ਅਤੇ ਪਤੀ ਤਰਫੋਂ ਰੋਕਣ ਦੀ ਕੋਸ਼ਿਸ਼ , ਪਤਨੀ ਵੱਲੋਂ ਆਪਣਾ ਸਮਾਂ ਕਿੱਥੇ ਅਤੇ ਕਿਵੇਂ ਗੁਜ਼ਾਰਨ ਸਬੰਧੀ ਹਿਸਾਬ ਮੰਗਣਾ ਵੀ ਪਤੀ ਦੀ ਸ਼ਾਮਤ ਆਉਣ ਦਾ ਕਾਰਨ ਬਣਦਾ ਹੈ। ਹਾਲਾਂਕਿ ਮੁਲਕ ਦੀ ਆਬਾਦੀ ਦੇ ਮੁਕਾਬਲੇ ਇਹ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ਪਰ ਇਹ ਅਧਿਐਨ ਸਮਾਜਿਕ ਤੌਰ ਤੇ ਮਸਲੇ ਦੀ ਗੰਭੀਰਤਾ ਵੱਲ ਜ਼ਰੂਰ ਇਸ਼ਾਰਾ ਕਰਦਾ ਹੈ।