ਸੇਵਾਮੁਕਤ ਮੁਲਾਜ਼ਮਾਂ ਨੇ ਗੱਡਿਆ ਬੱਸ ਅੱਡਾ ਮਲੋਟ ਰੋਡ 'ਤੇ ਲਿਜਾਣ ਖਿਲਾਫ ਝੰਡਾ
ਅਸ਼ੋਕ ਵਰਮਾ
ਬਠਿੰਡਾ, 24 ਮਈ 2025: ਪੰਜਾਬ ਸਰਕਾਰ ਦੇ ਸੇਵਾਮੁਕਤ ਮੁਲਾਜਮਾਂ ਦੀਆਂ ਜੱਥੇਬੰਦੀਆਂ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਸੀਨੀਅਰ ਸਿਟੀਜ਼ਨ ਵੈਲਫੇਅਰ ਅਸੋਸੀਏਸ਼ਨ, ਪੰਜਾਬ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਅਸੋਸੀਏਸ਼ਨ ਅਤੇ ਪੰਜਾਬ ਸਟੇਟ ਪਾਵਰ ਪੈਨਸ਼ਨਰ ਅਸੋਸੀਏਸ਼ਨ ਦਾ ਵਫਦ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮਿਲਿਆ ਅਤੇ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਰੱਖਣ ਲਈ ਬਣਾਈ ਗਈ 5 ਮੈਂਬਰੀ ਕਮੇਟੀ ਵਿੱਚ ਆਪਣੇ ਸੁਝਾਅ ਦਰਜ ਕਰਵਾਉਣ ਲਈ ਸਮਾਂ ਦਿਵਾਉਣ ਦੀ ਮੰਗ ਕੀਤੀ। ਵਫਦ ਦੇ ਆਗੂ ਦਰਸ਼ਨ ਸਿੰਘ ਮੌੜ ਅਤੇ ਸੇਵਾਮੁਕਤ ਡੀਐਸਪੀ ਰਣਜੀਤ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਰਵੱਈਏ ‘ਤੇ ਹੈਰਾਨੀ ਹੋਈ, ਕਿਉਂਕਿ ਡੀਸੀ ਦਾ ਰਵੱਈਆ ਬਹੁਤਾ ਵਧੀਆ ਨਹੀਂ ਸੀ। ਆਗੂਆਂ ਨੇ ਇਸ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਸੇਵਾਮੁਕਤ ਮੁਲਾਜਮਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਕੰਮਜੋਰ ਸਮਝਣ ਦੀ ਭੁੱਲ ਨਾਂ ਕਰੇ ਉਹ ਅੱਜ ਵੀ ਸਰਕਾਰਾਂ ਨਾਲ ਟੱਕਰ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸਿਆਸੀ ਪ੍ਰਭਾਵ ਵਾਲੀ ਭਾਸ਼ਾ ਬੋਲਦੇ ਨਜ਼ਰ ਆ ਰਹੇ ਸਨ ਅਤੇ ਵਫਦ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ ਜਦੋਂਕਿ ਪੰਜਾਬ ਸਰਕਾਰ ਹਰ ਮਾਮਲੇ ਵਿੱਚ ਲੋਕ ਰਾਏ ਨਾਲ ਫੈਸਲਾ ਲੈਣ ਦੀ ਗੱਲ ਕਰਦੀ ਹੈ। ਪੈਨਸ਼ਨਰ ਆਗੂਆਂ ਨੇ ਕਿਹਾ ਕਿ ਜਿਦ ਕਾਰਨ ਬੱਸ ਅੱਡਾ ਬਦਲ ਕੇ ਲੋਕਾਂ ਨੂੰ ਉਜਾੜਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ। ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਚਲਾਏ ਜਾ ਰਹੇ ਮੋਰਚੇ ਵਿੱਚ ਆਪਣੀ ਗੱਲ ਰੱਖੀ ਜਿੱਥੇ ਆਗੂਆਂ ਨੇ ਪ੍ਰਾਸ਼ਸ਼ਨ ਦੇ ਵਤੀਰੇ ਪ੍ਰਤੀ ਰੋਸ ਜਤਾਇਆ। ਆਗੂਆਂ ਨੇ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤੇ ਅੰਦੋਲਨ ਵਿੱਚ ਆਪਣਾ ਪੂਰਾ ਯੂਗਦਾਨ ਪਾਉਣ ਪ੍ਰਤੀ ਵਚਨਬੱਧਤਾ ਵੀ ਦੁਰਹਾਈ। ਵਫਦ ਵਿੱਖ ਸਿਕੰਦਰ ਬਰਾੜ, ਗੁਰਦਰਸ਼ਨ ਸਿੰਘ, ਓ.ਪੀ. ਸਿਡਾਨਾ, ਰਣਜੀਤ ਸਿੰਘ, ਡਾ ਅਜੀਤਪਾਲ ਸਿੰਘ ,ਜਤਿੰਦਰ ਕ੍ਰਿਸ਼ਨ, ਕੁਲਵੰਤ ਢਿੱਲੋਂ, ਸਿਕੰਦਰ ਧਾਲੀਵਾਲ ਅਤੇ ਅਮਰਜੀਤ ਮੰਗਲੀ ਸ਼ਾਮਲ ਸਨ।