ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਪੰਥ ਤੋਂ ਭਗੌੜੇ ਹੋਣ ਦਾ ਸਬੂਤ ਦਿੱਤਾ : ਮਨਪ੍ਰੀਤ ਇਆਲੀ
- 31 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਹੋਵੇਗੀ ਵਿਸ਼ੇਸ਼ ਇਕੱਤਰਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਮਈ 2025: ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਪੰਥ ਤੋਂ ਭਗੌੜੇ ਹੋਣ ਦਾ ਸਬੂਤ ਦਿੱਤਾ ਹੈ, ਜਦਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਦਿਆਂ ਆਪਣਾ ਬਣਦਾ ਫਰਜ ਨਿਭਾ ਰਹੇ ਹਾਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਥਾਨਕ ਜਸਨ ਪੈਲੇਸ ਵਿਖੇ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਆਪਣੇ ਕਰੀਬ 30 ਮਿੰਟ ਦੇ ਸੰਬੋਧਨ ਵਿੱਚ ਸ. ਇਆਲੀ ਨੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਸੀ, ਜਦਕਿ ਕੁੱਝ ਲੋਕ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਸਰਵੋ-ਸਰਵਾ ਮੰਨਦਿਆਂ ਉਸ ਨੂੰ ਹੀ ਮਜ਼ਬੂਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਲੋਕਾਂ ਦੀ ਨਰਾਜ਼ਗੀ ਅਕਾਲੀ ਲੀਡਰਸ਼ਿਪ ਨਾਲ ਹੈ ਨਾ ਕੇ ਅਕਾਲੀ ਦਲ ਨਾਲ। ਉਨ੍ਹਾਂ ਕਿਹਾ ਕਿ 31 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਗਲਾਸ ਪੈਲੇਸ ਘੋਲੂਮਾਜਰਾ ਵਿਖੇ ਇੱਕ ਵਿਸ਼ੇਸ਼ ਇਕੱਕਰਤਾ ਰੱਖੀ ਗਈ ਹੈ, ਜਿਸ ਵਿੱਚ ਹਲਕੇ ਦੇ ਲੋਕ ਵੱਧ ਚੜ ਕੇ ਹਿੱਸਾ ਲੈਣ, ਕਿਉਂਕਿ ਇਸ ਭਰਤੀ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਭਰਤੀ ਸਬੰਧੀ ਮਸਲੇ ਨੂੰ ਬੂਰ ਪੈਣਾ ਹੈ। ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਦਿਆਂ ਸ. ਇਆਲੀ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਪੱਖੀ ਅਕਾਲੀ ਦਲ ਸੁਰਜੀਤ ਨਹੀਂ ਹੋਵੇਗਾ, ਉਦੋਂ ਤੱਕ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦਾ ਕੁੱਝ ਨਹੀਂ ਬਣਨ ਵਾਲਾ।
ਇਆਲੀ ਨੇ ਕਿਹਾ ਕਿ ਉਹ ਸਮੇਂ-ਸਮੇਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕਿਸਾਨੀ ਸਬੰਧੀ ਮਸਲੇ ਪਾਰਟੀ ਅੰਦਰ ਤੇ ਵੱਖ-ਵੱਖ ਫਰੰਟਾਂ 'ਤੇ ਉਠਾ ਚੁੱਕੇ ਹਨ, ਪਰ ਉਸ ਸਮੇਂ ਦੀ ਲੀਡਰਸ਼ਿਪ ਨੇ ਇਨ੍ਹਾਂ ਮਸਲਿਆਂ ਉੱਤੇ ਧਿਆਨ ਦੇਣਾ ਮੁਨਾਸਿਬ ਨਾ ਸਮਝਿਆ, ਜਿਸ ਕਾਰਨ ਪਾਰਟੀ ਪੂਰੀ ਤਰ੍ਹਾਂ ਹਾਸ਼ੀਏ ਉੱਤ ਪੁੱਜ ਗਈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਸਬੰਧੀ ਫੈਸਲਾ ਪੰਥ ਹੀ ਕਰ ਸਕਦਾ ਹੈ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ ਨੇ ਕੈਪਟਨ ਕੰਵਲਜੀਤ ਸਿੰਘ ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ ਤੌਰ ਉਤੇ ਯਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਹੀ ਮਾਣ ਦਿੱਤਾ ਹੈ ਅਤੇ 31 ਮਈ ਨੂੰ ਉਹ ਵੱਡੀ ਗਿਣਤੀ ਵਿੱਚ ਗਲਾਸ ਪੈਲੇਸ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਹੁਲਾਰਾ ਦੇਣ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਸੁਰਿੰਦਰ ਸਿੰਘ ਧਰਮਗੜ੍ਹ ਨੇ ਨਿਭਾਈ, ਜਦਕਿ ਸਮਾਗਮ ਦੌਰਾਨ ਹਰਪ੍ਰੀਤ ਸਿੰਘ ਅਮਲਾਲਾ, ਦਵਿੰਦਰ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਪੰਥ ਦਰਦੀ ਹਾਜ਼ਰ ਸਨ।
ਮੈਂਬਰਸਿੱਪ ਦੀਆਂ ਪਰਚੀਆਂ ਤਕਸੀਮ ਕਰਦੇ ਹੋਏ ਮਨਪ੍ਰੀਤ ਸਿੰਘ ਇਆਲੀ ਅਤੇ ਨਿਰਮੈਲ ਸਿੰਘ ਜੌਲਾ।