ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਰਤਨ ਸਿੰਘ ਜੱਗੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪਟਿਆਲਾ 22 ਮਈ 2025 - ਪੰਜਾਬ ਦੇ ਪ੍ਰਸਿੱਧ ਖੋਜੀ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ 22 ਮਈ 2025 ਨੂੰ ਅਕਾਲ ਚਲਾਣਾ ਕਰ ਗਏ ਹਨ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ, ਸਮੂਹ ਅਫ਼ਸਰ ਅਤੇ ਕਰਮਚਾਰੀਆਂ ਨੇ ਉਹਨਾਂ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਵਿਭਾਗ ਵੱਲੋਂ ਕੀਤੀ ਗਈ ਸ਼ੋਕ ਸਭਾ ਦੌਰਾਨ ਸ. ਜ਼ਫ਼ਰ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਖੋਜ ਨੂੰ ਡਾ. ਜੱਗੀ ਦੀ ਲਾਸਾਨੀ ਦੇਣ ਹੈ। ਉਨਾਂ ਵੱਲੋਂ ਇਸ ਖੇਤਰ ਵਿੱਚ ਬਹੁਤ ਮਿਹਨਤ, ਸਿਰੜ ਅਤੇ ਸੁਹਿਰਦਤਾ ਨਾਲ ਪਾਏ ਗਏ ਯੋਗਦਾਨ ਨੂੰ ਸਦੀਆਂ ਤੀਕਰ ਯਾਦ ਰੱਖਿਆ ਜਾਏਗਾ।
ਭਾਸ਼ਾ ਵਿਭਾਗ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹੋਇਆ ਪਰਿਵਾਰ ਅਤੇ ਸਮੂਹ ਪੰਜਾਬੀਆਂ ਦੇ ਦੁੱਖ ਵਿੱਚ ਸ਼ਾਮਿਲ ਹੁੰਦਾ ਹੈ। ਦੱਸਣਯੋਗ ਹੈ ਕਿ ਡਾ. ਜੱਗੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ੍ਰੋਮਣੀ ਪੁਰਸਕਾਰ (1996) ਤੇ ਪੰਜਾਬ ਗੌਰਵ ਪੁਰਸਕਾਰ (2022) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਅੱਠ ਪੁਸਤਕਾਂ ਨੂੰ ਸਮੇਂ-ਸਮੇਂ ਸਿਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਜਾ ਚੁੱਕੇ ਹਨ।