ਪੀ.ਏ.ਯੂ. ਵਿਚ ਮੁਖੀਆਂ ਅਤੇ ਕੁਆਡੀਨੇਟਰਾਂ ਦੀਆਂ ਨਵੀਆਂ ਨਿਯੁਕਤੀਆਂ ਹੋਈਆਂ
ਲੁਧਿਆਣਾ 22 ਮਈ, 2025 - ਬੀਤੇ ਦਿਨੀਂ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਨੇ ਵੱਖ-ਵੱਖ ਵਿਭਾਗਾਂ ਵਿਚ ਮੁਖੀਆਂ ਦੀਆਂ ਨਿਯੁਕਤੀਆਂ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਕੁਝ ਖੇਤਰਾਂ ਵਿਚ ਨਵੇਂ ਕੁਆਡੀਨੇਟਰ ਵੀ ਨਿਯੁਕਤ ਕੀਤੇ|
ਡਾ. ਰਾਜੀਵ ਸਿੱਕਾ ਨੂੰ ਭੂਮੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ| ਡਾ. ਸਿੱਕਾ ਨੇ ਵਿਸ਼ੇਸ਼ ਤੌਰ ਤੇ ਖਾਦਾਂ ਦੀ ਵਰਤੋਂ ਸੰਬੰਧੀ ਮਾਹਿਰਾਨਾ ਕਾਰਜ ਨੂੰ ਅੰਜ਼ਾਮ ਦਿੱਤਾ ਹੈ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਨੈਨੋ ਖਾਦਾਂ ਦੇ ਨਾਲ-ਨਾਲ ਜ਼ਮੀਨ ਵਿਚ ਹੈਵੀ ਮੈਟਲ ਜੈਵ ਉਪਲੱਬਧਤਾ ਸੰਬੰਧੀ ਕਾਰਜ ਕੀਤਾ| ਇਸੇ ਕਾਰਜ ਦੇ ਅਧਾਰ ਤੇ ਡਾ. ਸਿੱਕਾ ਨੇ ਫਸਲਾਂ ਦੇ ਬਿਹਤਰ ਉਤਪਾਦਨ ਲਈ 41 ਸਿਫ਼ਾਰਸ਼ਾਂ ਕੀਤੀਆਂ| ਉਹ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰਾਯੋਜਿਤ 8 ਪ੍ਰੋਜੈਕਟਾਂ ਦਾ ਹਿੱਸਾ ਰਹੇ| 9 ਕੌਮਾਂਤਰੀ ਰਸਾਲਿਆਂ ਦੇ ਵਿਸ਼ਲੇਸ਼ਕ ਵਜੋਂ ਕਾਰਜ ਕਰਨ ਦੇ ਨਾਲ ਡਾ. ਸਿੱਕਾ ਨੇ ਉੱਚ ਪੱਧਰੀ 65 ਖੋਜ ਪੇਪਰ, 26 ਪ੍ਰਸਿੱਧ ਲੇਖ, 15 ਬੁਲਿਟਨ ਅਤੇ 38 ਹੋਰ ਪੇਪਰ ਪੇਸ਼ ਕੀਤੇ| ਉਹਨਾਂ ਨੂੰ ਸਤੰਬਰ 2024 ਦੇ ਕਿਸਾਨ ਮੇਲੇ ਵਿਚ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ ਸੀ|
ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਪਨ ਕੁਮਾਰ ਰਾਮਪਾਲ ਨੂੰ ਪਸਾਰ ਸਿੱਖਿਆ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਪਸਾਰ ਦੇ ਖੇਤਰ ਵਿਚ ਡਾ. ਵਿਪਨ ਰਾਮਪਾਲ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਲਈ 7 ਖੋਜ ਪੇਪਰ ਅਤੇ 9 ਕਿਤਾਬਾਂ ਦੇ ਅਧਿਆਇ ਲਿਖੇ| ਸੰਚਾਲਕ ਦੇ ਤੌਰ ਤੇ ਉਹਨਾਂ ਨੇ 2 ਸਿਖਲਾਈ ਪ੍ਰੋਗਰਾਮ ਕਰਵਾਏ| 108 ਸਿਖਲਾਈਆਂ, 1150 ਐੱਫ ਐੱਲ ਡੀ’ਜ਼, 132 ਭਾਸ਼ਣ, 14 ਰੇਡੀਓ ਟੀ ਵੀ ਵਾਰਤਾਵਾਂ ਅਤੇ 56 ਮਕਬੂਲ ਲੇਖ ਉਹਨਾਂ ਦੇ ਖਾਤੇ ਵਿਚ ਹਨ| ਉਹਨਾਂ ਨੂੰ ਅਟਾਰੀ ਜ਼ੋਨ-1 ਵੱਲੋਂ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ ਸੀ|
ਡਾ. ਓ ਪੀ ਗੁਪਤਾ ਨੂੰ ਇਲੈਕਟ੍ਰੀਕਲ ਇੰਜਨੀਅਰਿੰਗ ਐਂਡ ਇਨਫਾਰਮੇਸ਼ਨ ਤਕਨਾਲੋਜੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਉਹ ਇਨਫਾਰਮੇਸ਼ਨ ਤਕਨਾਲੋਜੀ ਦੇ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ| ਉਹਨਾਂ ਨੇ ਯੂਨੀਵਰਸਿਟੀ ਵਿਚ ਸੂਚਨਾ ਤਕਨਾਲੋਜੀ ਸਕੂਲ ਦੀ ਸਥਾਪਨਾ ਲਈ ਮੋਢੀ ਵਜੋਂ ਕਾਰਜ ਕੀਤਾ| 100 ਤੋਂ ਵਧੇਰੇ ਖੋਜ ਪੇਪਰ ਅਤੇ ਇਕ ਕਿਤਾਬ ਉਹਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੈ| 25 ਮਾਸਟਰਜ਼ ਅਤੇ 3 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਡਾ. ਗੁਪਤਾ ਨੂੰ 2009-2010 ਵਿਚ ਮੈਰੀਟੋਰੀਅਸ ਟੀਚਰ ਐਵਾਰਡ ਨਾਲ ਨਿਵਾਜਿਆ ਗਿਆ| ਉਹ ਪੀ.ਏ.ਯੂ. ਵਿਚ ਨਵੀਨ ਆਈ ਟੀ ਤਕਨੀਕਾਂ ਲਾਗੂ ਕਰਨ ਵਾਲੇ ਵਿਦਵਾਨ ਹਨ| ਨਾਲ ਹੀ ਕਈ ਕੌਮਾਂਤਰੀ ਸੂਚਨਾ ਤਕਨਾਲੋਜੀ ਅਤੇ ਇੰਜਨੀਅਰਿੰਗ ਸੰਸਥਾਵਾਂ ਨਾਲ ਜੁੜੇ ਹੋਏ ਡਾ. ਗੁਪਤਾ ਇਸ ਖੇਤਰ ਦੇ ਵਿਸ਼ੇਸ਼ਗ ਗਿਣੇ ਜਾਂਦੇ ਹਨ|
ਡਾ. ਸਤਪਾਲ ਸ਼ਰਮਾ ਨੇ ਸਬਜ਼ੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ|
ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਡਾ. ਸਤਪਾਲ ਸ਼ਰਮਾ ਨੂੰ ਸਬਜ਼ੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਡਾ. ਸ਼ਰਮਾ ਨੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੋਂ 2003 ਵਿਚ ਆਪਣਾ ਕਾਰਜ ਸ਼ੁਰੂ ਕੀਤਾ| ਉਹਨਾਂ ਨੇ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਤੋਂ ਖਰਬੂਜ਼ਿਆਂ ਦੇ ਵਿਕਾਸ ਵਿਸ਼ੇ ਤੇ ਪੀ ਐੱਚ ਡੀ ਕੀਤੀ| ਸਬਜ਼ੀ ਵਿਗਿਆਨੀ ਦੇ ਤੌਰ ਤੇ ਡਾ. ਸ਼ਰਮਾ ਪੀ.ਏ.ਯੂ. ਦੇ ਆਲੂ ਅਤੇ ਖਰਬੂਜ਼ਾ ਬਰੀਡਿੰਗ ਪ੍ਰੋਗਰਾਮ ਦੇ ਮੁੱਖ ਵਿਗਿਆਨੀ ਰਹੇ| ਹਿਮਾਚਲ ਦੇ ਕਿੰਲੋਂਗ ਵਿਖੇ ਬੇਮੌਸਮੀ ਸਥਿਤੀਆਂ ਵਿਚ ਵੀ ਡਾ. ਸ਼ਰਮਾ ਨੇ ਪੀ.ਏ.ਯੂ. ਦੇ ਆਲੂ ਬਰੀਡਿੰਗ ਪ੍ਰੋਗਰਾਮ ਨੂੰ ਜਾਰੀ ਰੱਖਿਆ| ਉਹਨਾਂ ਦੇ ਕਾਰਜ ਸਦਕਾ ਪੀ.ਏ.ਯੂ. ਨੇ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102 ਵਰਗੀਆਂ ਦੋ ਕਿਸਮਾਂ ਜਾਰੀ ਕੀਤੀਆਂ| ਨਾਲ ਹੀ ਉਹਨਾਂ ਨੇ ਪੰਜਾਬ ਸ਼ਾਰਦਾ ਅਤੇ ਪੰਜਾਬ ਅੰਮ੍ਰਿਤ ਸਮੇਤ ਖਰਬੂਜ਼ਿਆਂ ਦੀਆਂ ਤਿੰਨ ਕਿਸਮਾਂ ਵੀ ਸਿਫਾਰਸ਼ ਕੀਤੀਆਂ| ਸਬਜ਼ੀਆਂ ਦੀਆਂ ਫਸਲਾਂ ਸੰਬੰਧੀ ਉਹਨਾਂ ਦੀਆਂ ਕਈ ਉਤਪਾਦਨ ਤਕਨੀਕਾਂ ਨੂੰ ਕਿਸਾਨਾਂ ਸਾਹਮਣੇ ਸਿਫਾਰਸ਼ ਕੀਤਾ ਗਿਆ| ਉਹ ਰਾਸ਼ਟਰੀ ਪੱਧਰੀ ਏਜੰਸੀਆਂ ਵੱਲੋਂ ਪ੍ਰਾਯੋਜਿਤ 7 ਖੋਜ ਪ੍ਰੋਜੈਕਟਾਂ ਦਾ ਹਿੱਸਾ ਵੀ ਰਹੇ|
ਅਕਾਦਮਿਕ ਕਾਰਜ ਦੇ ਤੌਰ ਤੇ ਡਾ. ਸਤਪਾਲ ਸ਼ਰਮਾ ਨੇ 66 ਖੋਜ ਪੇਪਰ, 4 ਰਿਵਿਊ ਪੇਪਰ, 4 ਪ੍ਰੋਸੀਡਿੰਗ ਪੇਪਰ ਅਤੇ 75 ਰਾਸ਼ਟਰੀ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਪੇਪਰ ਪੇਸ਼ ਕੀਤੇ| 10 ਐੱਮ ਐੱਸ ਸੀ ਅਤੇ 3 ਪੀ ਐੱਚ ਡੀ ਦੇ ਵਿਦਿਆਰਥੀਆਂ ਨੇ ਉਹਨਾਂ ਕੋਲੋਂ ਨਿਗਰਾਨੀ ਲਈ| ਉਹਨਾਂ ਨੇ ਕਿਸਾਨਾਂ ਦੇ ਲਾਭ ਲਈ 58 ਪਸਾਰ ਲੇਖ ਲਿਖੇ, 130 ਭਾਸ਼ਣ ਦਿੱਤੇ ਅਤੇ 28 ਰੇਡੀਓ ਵਾਰਤਾਵਾ ਕੀਤੀਆਂ| ਉਹਨਾਂ ਨੂੰ 2023 ਵਿਚ ਸ਼੍ਰੀਮਤੀ ਹਰਪਾਲ ਕੌਰ ਯਾਦਗਾਰੀ ਐਵਾਰਡ ਦਿੱਤਾ ਗਿਆ| ਇਸੇ ਸਾਲ ਉਹ ਸਰਵੋਤਮ ਸਬਜ਼ੀ ਕੇਂਦਰ ਦਾ ਇਨਾਮ ਜਿੱਤਣ ਵਾਲੀ ਪੀ.ਏ.ਯੂ. ਟੀਮ ਦਾ ਹਿੱਸਾ ਸਨ| ਵਿਦਿਆਰਥੀ ਜੀਵਨ ਦੌਰਾਨ ਵੀ ਉਹਨਾਂ ਨੂੰ ਸਕਾਲਰਸ਼ਿਪ ਹਾਸਲ ਸੀ| ਉਹਨਾਂ ਦੇ ਲਿਖੇ 16 ਪੇਪਰਾਂ ਨੂੰ ਸਰਵੋਤਮ ਚੁਣਿਆ ਗਿਆ ਅਤੇ ਸਬਜ਼ੀ ਵਿਗਿਆਨੀਆਂ ਦੀ ਅਮਰੀਕੀ ਸੁਸਾਇਟੀ ਨੇ ਵਾਰੇਨ ਐੱਸ ਬ੍ਰੈਹਮ ਯਾਦਗਾਰੀ ਐਵਾਰਡ ਵੀ ਇਹਨਾਂ ਨੂੰ ਪ੍ਰਦਾਨ ਕੀਤਾ|
ਡਾ. ਹਰਪ੍ਰੀਤ ਕੌਰ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਨਿਯੁਕਤ ਕੀਤੇ ਗਏ ਹਨ।
ਡਾ. ਹਰਪ੍ਰੀਤ ਕੌਰ ਨੂੰ ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਉਹਨਾਂ ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਕੇ.ਵੀ.ਕੇ ਰੋਪੜ ਵਿਖੇ 2005 ਵਿਚ ਆਪਣਾ ਕਾਰਜ ਆਰੰਭ ਕੀਤਾ ਅਤੇ 2008 ਵਿਚ ਉਹ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਆ ਗਏ| ਪੀ.ਏ.ਯੂ. ਤੋਂ ਹੀ ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਡਾ. ਹਰਪ੍ਰੀਤ ਕੌਰ ਨੇ ਹੁਣ ਤੱਕ 21 ਐੱਮ ਐੱਸ ਸੀ ਅਤੇ 6 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕੀਤੀ| ਇਸ ਤੋਂ ਇਲਾਵਾ ਉਹਨਾਂ ਕੋਲ 2 ਐਡਹਾਕ ਅਤੇ ਇਕ ਕੰਪੀਟੀਟਿਵ ਖੋਜ ਪ੍ਰੋਜੈਕਟ ਰਹੇ ਹਨ| 72 ਖੋਜ ਪੇਪਰਾਂ ਸਮੇਤ ਉਹਨਾਂ ਨੇ 202 ਪ੍ਰਕਾਸ਼ਨਾਵਾਂ ਆਪਣੇ ਖੇਤਰ ਵਿਚ ਦਿੱਤੀਆਂ| ਇਹਨਾਂ ਵਿੱਚੋਂ 19 ਖੋਜ ਪੇਪਰ ਬੜੇ ਉੱਚ ਪੱਧਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਏ| ਪੀ.ਏ.ਯੂ. ਅਤੇ ਨੈਸਲੇ ਵਿਚਕਾਰ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਜਾਰੀ ਪ੍ਰੋਜੈਕਟ ਦੇ ਉਹ ਸਹਿ ਮੁੱਖ ਨਿਗਰਾਨ ਰਹੇ| ਇਸ ਪ੍ਰੋਜੈਕਟ ਤਹਿਤ 17 ਵਰ੍ਹਿਆਂ ਤੋਂ 95 ਪਿੰਡਾਂ ਦੀਆਂ 22,106 ਸਕੂਲ ਜਾਂਦੀਆਂ ਪੇਂਡੂ ਕੁੜੀਆਂ ਨੂੰ ਪੋਸ਼ਣ ਸੰਬੰਧੀ ਸਿੱਖਿਆ ਪ੍ਰਦਾਨ ਕੀਤੀ ਗਈ| ਉਹਨਾਂ ਨੇ ਖੋਜ ਪ੍ਰੋਜੈਕਟ ਤਹਿਤ ਜ਼ਿਲ੍ਹਾ ਲੁਧਿਆਣਾ ਦੀਆਂ 15-45 ਸਾਲ ਦੀਆਂ ਔਰਤਾਂ ਅਤੇ 6-59 ਮਹੀਨਿਆਂ ਦੇ ਬੱਚਿਆਂ ਵਿਚ ਜ਼ਿੰਕ ਦਾ ਪੱਧਰ ਜਾਣਨ ਲਈ ਵਿਸ਼ੇਸ਼ ਕਾਰਜ ਕੀਤਾ| ਡਾ. ਹਰਪ੍ਰੀਤ ਕੌਰ ਕਈ ਫਸਲਾਂ ਦੀਆਂ ਕਿਸਮਾਂ ਅਤੇ ਤਕਨਾਲੋਜੀਆਂ ਦੀ ਪਰਖ ਲਈ ਖੇਤੀ ਅਤੇ ਬਾਗਬਾਨੀ ਵਿਗਿਆਨੀਆਂ ਨਾਲ ਸਹਿਯੋਗ ਕਰਦੇ ਰਹੇ| ਰਾਸ਼ਟਰੀ ਕਾਨਫਰੰਸਾਂ ਵਿਚ ਪੰਜ ਵਾਰ ਉਹਨਾਂ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਲਈ ਇਨਾਮ ਮਿਲਿਆ| 2020-2023 ਤੱਕ ਉਹ ਭਾਰਤੀ ਪੋਸ਼ਣ ਸੁਸਾਇਟੀ ਲੁਧਿਆਣਾ ਚੈਪਟਰ ਦੇ ਸਕੱਤਰ ਰਹੇ|