← ਪਿਛੇ ਪਰਤੋ
ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼ ਬਾਬੂਸ਼ਾਹੀ ਨੈਟਵਰਕ ਪਟਿਆਲਾ, 20 ਮਈ, 2025: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਤਕਰੀਬਨ 6 ਮਹੀਨੇ ਪਹਿਲਾਂ ਦਰਜ ਕੀਤਾ ਗਿਆ ਜ਼ਬਰ ਜਨਾਹ ਤੇ ਕਤਲ ਦਾ ਕੇਸ ਖਾਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਸਿਫਾਰਸ਼ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ’ਤੇ ਢੱਡਰੀਆਂ ਵਾਲੇ ਖਿਲਾਫ 7 ਦਸੰਬਰ 2025 ਨੂੰ ਥਾਣਾ ਪਸਿਆਣਾ ਵਿਚ ਧਾਰਾ 376 (ਜ਼ਬਰ ਜਨਾਹ) ਅਤੇ 302 (ਕਤਲ) ਅਤੇ 506 (ਧਮਕੀਆਂ ਦੇਣ) ਦਾ ਕੇਸ ਦਰਜ ਕੀਤਾ ਗਿਆ ਸੀ। ਉਸ ’ਤੇ ਦੋਸ਼ ਲੱਗਾ ਸੀ ਕਿ ਉਹ ਉਸਦੇ ਡੇਰੇ ਵਿਚ ਰਹਿੰਦੀ ਰਹੀ ਲੜਕੀ ਨਾਲ ਜ਼ਬਰ ਜਨਾਹ ਕਰਦਾ ਰਿਹਾ ਤੇ ਫਿਰ 22 ਅਪ੍ਰੈਲ 2012 ਨੂੰ ਉਸਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਟੀਮ ਦੀ ਅਗਵਾਈ ਐਸ ਪੀ ਸਵਰਨਜੀਤ ਕੌਰ ਨੇ ਕੀਤੀ ਤੇ ਇਸ ਵਿਚ ਡੀ ਐਸ ਪੀ ਜੀ ਐਸ ਸਿਕੰਦ ਅਤੇ ਐਸ ਐਚ ਓ ਪਸਿਆਣਾ ਮਨੋਜ ਵੀ ਸ਼ਾਮਲ ਸਨ। ਟੀਮ ਨੇ ਆਪਣੀ ਜਾਂਚ ਰਿਪੋਰਟ ਐਸ ਐਸ ਪੀ ਵਰੁਣ ਸ਼ਰਮਾ ਨੂੰ ਸੌਂਪ ਦਿੱਤੀ ਹੈ। ”ਦਾ ਟ੍ਰਿਬਿਊਨ” ਵਿਚ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ ਜਾਂਚ ਟੀਮ ਨੇ ਐਫ ਆਈ ਆਰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ ਕਿਉਂਕਿ ਢੱਡਰੀਆਂ ਵਾਲੇ ਦੇ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ। ਰਿਪੋਰਟ ਮੁਤਾਬਕ ਮ੍ਰਿਤਕ ਦੀ ਮੌਤ ਤੋਂ ਬਾਅਦ ਪੋਸਟ ਮਾਰਟਮ ਹੋਇਆ ਸੀ ਜਿਸ ਵਿਚ ਨਾ ਤਾਂ ਇਹ ਸਾਬਤ ਹੋਇਆ ਕਿ ਉਸਦਾ ਕਤਲ ਕੀਤਾ ਗਿਆ ਹੈ ਤੇ ਨਾ ਇਹ ਸਾਬਤ ਹੋਇਆ ਕਿ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਵੱਲੋਂ ਉਹਨਾਂ ਦੇ ਘਰ ਢਾਹੁਣ ਬਾਰੇ ਕੀਤੇ ਦਾਅਵੇ ਦੇ ਵੀ ਸਬੂਤ ਨਹੀਂ ਮਿਲੇ। ਐਸ ਐਸ ਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਉਹ ਰਿਪੋਰਟ ਦੀ ਘੋਖ ਕਰਨਗੇ ਤੇ ਕਾਨੂੰਨੀ ਰਾਇ ਲੈਣ ਉਪਰੰਤ ਰਿਪੋਰਟ ਅਦਾਲਤ ਵਿਚ ਪੇਸ਼ ਕਰਨਗੇ।
Total Responses : 1166