ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਰਚ ਤੋਂ ਪਹਿਲਾਂ ਸਿੱਖ ਆਗੂ ਘਰੋ ਘਰੀ ਨਜ਼ਰਬੰਦ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2025:ਗਣਤੰਤਰਤਾ ਦਿਵਸ ਦੇ ਵਿਰੋਧ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 25 ਜਨਵਰੀ ਨੂੰ ਮਾਨਸਾ ਵਿਖੇ ਰੋਸ ਮਾਰਚ ਕਰਨ ਤੋਂ ਪਹਿਲਾਂ ਪੁਲਿਸ ਨੇ ਸਿੱਖ ਆਗੂਆਂ ਨੂੰ ਘਰੋ ਘਰੀ ਨਜ਼ਰਬੰਦ ਕਰ ਦਿੱਤਾ ਹੈ। ਨਜ਼ਰਬੰਦ ਕੀਤੇ ਸਿੱਖ ਆਗੂਆਂ ਵਿੱਚ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ,ਗੁਰਵਿੰਦਰ ਸਿੰਘ ਬਠਿੰਡਾ, ਬਲਕਰਨ ਸਿੰਘ ਡੱਬਵਾਲੀ, ਜੀਵਨ ਸਿੰਘ ਗਿੱਲ ਕਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਸਮੇਤ ਕਈ ਆਗੂਆਂ ਦੇ ਨਾਮ ਪ੍ਰਮੁੱਖ ਹਨ। ਇਸ ਮੌਕੇ ਬਾਬਾ ਹਰਦੀਪ ਸਿੰਘ ਮਹਾਰਾਜ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਪੰਥਕ ਸੋਚ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਕੇ ਨਹੀਂ ਦਬਾਇਆ ਜਾ ਸਕਦਾ ਅਤੇ ਉਹ ਗਣਤੰਤਰਤਾ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਮਜਬੂਰ ਹਨ ।
ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਇਨਸਾਫ ਦੇਣ ਦੀ ਬਜਾਏ ਦਬਾਅ ਦੀ ਰਣਨੀਤੀ ਵਿੱਚ ਉੱਤਰੀ ਹੋਈ ਹੈ ਜਿਸ ਦਾ ਆਉਂਦੇ ਸਮੇਂ ਵਿੱਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਸਿੱਖ ਆਗੂਆਂ ਨੇ ਨਜ਼ਰਬੰਦ ਕਰਨ ਦੇ ਫੈਸਲੇ ਨੂੰ ਸਿੱਖ ਕੌਮ ਪ੍ਰਤੀ ਦੋਹਰੇ ਮਾਪਦੰਡ ਕਰਾਰ ਦਿੰਦਿਆ ਭਵਿੱਖ ਵਿੱਚ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ। ਜ਼ਿਕਰ ਯੋਗ ਹੈ ਕਿ ਅੱਜ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਪੰਥਕ ਜਥੇਬੰਦੀਆਂ ਨੇ ਮਾਨਸਾ ਵਿੱਚ ਮਾਰਚ ਵੀ ਕੱਢਿਆ। ਨਜ਼ਰਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਆਗੂ ਮਾਨਸਾ ਪਹੁੰਚੇ ਅਤੇ ਮਾਰਚ ਕੀਤਾ ਗਿਆ। ਇਸ ਮੌਕੇ ਪੁਲਿਸ ਨਾਲ ਤੂੰ ਤੂੰ ਮੈਂ ਵੀ ਹੋਈ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ।
- Download Babushahi App
-
-