ਬਰਿੰਦਰ ਕੁਮਾਰ ਮਧੇਕੇ ਨੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਵੱਜੋਂ ਸੰਭਾਲਿਆ ਅਹੁੱਦਾ
ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁੱਡੀਆਂ ਨੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੂੰ ਤਾਜ਼ਪੋਸੀ ਮੌਕੇ ਦਿੱਤੀ ਮੁਬਾਰਕਬਾਦ
ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਵਚਨਬੱਧ-ਹਰਪਾਲ ਸਿੰਘ ਚੀਮਾ
ਭ੍ਰਿਸ਼ਟਾਚਾਰ ਅਤੇ ਨਸ਼ਿਆ ਨੂੰ ਜੜੋਂ ਖ਼ਤਮ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ-ਕੈਬਨਿਟ ਮੰਤਰੀ ਚੀਮਾ
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਦਿਨ ਰਾਤ ਇਕ ਕਰਕੇ ਕੀਤਾ ਜਾ ਰਿਹੈ ਕੰਮ-ਗੁਰਮੀਤ ਸਿੰਘ ਖੁੱਡੀਆਂ
ਮੋਗਾ, ਨਿਹਾਲ ਸਿੰਘ ਵਾਲਾ, 24 ਮਈ 2025 : ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਵੱਲੋਂ ਅਹੁੱਦਾ ਸੰਭਾਲਣ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਖੇਤੀਬਾੜੀ ਮੰਤਰੀ (ਪੰਜਾਬ) ਗੁਰਮੀਤ ਸਿੰਘ ਖੁੱਡੀਆ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਮੁਬਾਰਕਬਾਦ ਦਿੱਤੀ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਵਚਨਬੱਧ ਹੈ। ਭਵਿੱਖ ਅੰਦਰ ਵੀ ਵਲੰਟੀਅਰਾਂ ਨੂੰ ਮੈਰਿਟ ਦੇ ਆਧਾਰ ’ਤੇ ਅਹੁੱਦੇਦਾਰੀਆਂ ਨਾਲ ਨਿਵਾਜ਼ਿਆ ਜਾਵੇਗਾ। ਉਨ੍ਹਾਂ ਕਿਹਾ ਨਵਨਿਯੁਕਤ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਦਿੱਕਤਾਂ ਨੂੰ ਆਪਸੀ ਭਾਈਚਾਰੇ ਨਾਲ ਹਲ ਕਰਨ ਨੂੰ ਤਰਜ਼ੀਹ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇੇ ਸਪੱਸ਼ਟ ਨਿਰਦੇਸ਼ ਹਨ ਕਿ ਪਾਰਟੀ ਅੰਦਰ ਜਾਂ ਸਰਕਾਰ ਪੱਧਰ ਤੇ ਰਿਸ਼ਵਤਖੌਰੀ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਿਆ ਨੂੰ ਜੜੋਂ ਖ਼ਤਮ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਿਨ ਰਾਤ ਇਕ ਕਰਕੇ ਨਸ਼ਿਆਂ ਖਿਲਾਫ਼ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖਾਤਮੇ ਲਈ ਪੰਜਾਬ ਅੰਦਰ ਸ਼ਹਿਰਾਂ ਅਤੇ ਪਿੰਡਾਂ ਅੰਦਰ ਬਣੀਆਂ ਡਿਫੈਂਸ ਕਮੇਟੀਆ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਨਸ਼ਿਆ ਖਿਲਾਫ਼ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨੂੰ ਸੈਅ ਦੇ ਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਲਗਾਉਣ ਤੋਂ ਇਲਾਵਾ ਕੁੱਝ ਨਹੀ ਕੀਤਾ। ਪੰਜਾਬ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾ, ਜਿਸਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦ੍ਰਿੜ ਸੰਕਲਪ ਹੈ, ਇਸ ਲਈ ਵਿਰੋਧੀ ਪਾਰਟੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਖਿਲਾਫ਼ ਲੋਕ ਲਹਿਰ ਬਣੀ ਹੋਈ ਹੈ, ਜਿਸਦੇ ਸਾਰਥਕ ਸਿੱਟੇ ਸਾਹਮ੍ਹਣੇ ਆਉਣ ਲੱਗੇ ਹਨ। ਇਕ ਸਵਾਲ ਦੇ ਜਵਾਬ ’ਚ ਕੈਬਨਿਟ ਮੰਤਰੀ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਲੋਕਪੱਖੀ ਫੈਸਲੇ ਲਏ ਜਾ ਰਹੇ ਹਨ, ਜਿਸਨੂੰ ਰਾਜ ਦੇ ਲੋਕ ਭਲੀ ਭਾਂਤ ਜਾਣਦੇ ਹਨ।
ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ੍ਰ .ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਸਿੱਧੀ ਬਿਜ਼ਾਈ ਲਈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਨਰਮੇ ਦੇ ਬੀਜ਼ 'ਤੇ 33 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਰਾਜ ਦੇ ਕਿਸਾਨਾਂ ਨੂੰ ਸਬਸਿਡੀ ਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸਦੇ ਲਈ ਮੌਜੂਦਾ ਸਾਲ 500 ਕਰੋੜ ਰੁਪਏ ਦੀ ਆਧੁਨਿਕ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਬਿਲਾਸਪੁਰ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੌਂਸ, ਚੇਅਰਮੈਨ ਮਾਰਕਫੈਡ ਪੰਜਾਬ ਅਮਨਦੀਪ ਸਿੰਘ ਸੋਹੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਜਤਿੰਦਰ ਸਿੰਘ ਭੱਲਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਮਨਦੀਪ ਸਿੰਘ ਮਾਨ, ਚੇਅਰਮੈਨ ਮਾਰਕੀਟ ਕਮੇਟੀ ਬਧਨੀਕਲਾਂ ਪਰਮਜੀਤ ਸਿੰਘ ਬੁੱਟਰ, ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਜਗਦੀਪ ਸਿੰਘ, ਨਗਰ ਪੰਚਾਇਤ ਪ੍ਰਧਾਨ ਜਗਦੀਪ ਸਿੰਘ, ਪ੍ਰਧਾਨ ਅੰਮ੍ਰਿਤਪਾਲ ਸਿੰਘ ਚੀਮਾ, ਟਰੱਕ ਯੂਨੀਅਨ ਪ੍ਰਧਾਨ ਮਨਦੀਪ ਸਿੰਘ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸਵਾਤੀ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।