ਮੇਅਰ ਪਦਮਜੀਤ ਮਹਿਤਾ ਨੇ ਮਿਥਿਆ 31 ਦਸੰਬਰ ਤੋਂ ਪਹਿਲਾਂ ਬਠਿੰਡਾ ਦੀਆਂ ਸੜਕਾਂ ਖੱਡਾ ਮੁਕਤ ਕਰਨ ਦਾ ਟੀਚਾ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2026:ਪੰਜਾਬ ਸਰਕਾਰ ਦੇ ਵਿਕਾਸ ਵਿਜ਼ਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ ਬਠਿੰਡਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸ਼ਹਿਰ ਨੂੰ ਖੱਡਾ ਮੁਕਤ ਬਣਾਉਣ ਅਤੇ ਬਿਹਤਰ ਸੜਕੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਪ੍ਰੀਮਿਕਸ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 40 ਵਿੱਚ ਕੌਂਸਲਰ ਸ੍ਰੀ ਸੰਜੀਵ ਕੁਮਾਰ ਸੋਨੀ ਪ੍ਰਧਾਨ ਦੀ ਮੌਜੂਦਗੀ ਵਿੱਚ ਸ਼ਹੀਦ ਸੰਦੀਪ ਸਿੰਘ ਵਾਲੀ ਗਲੀ ਨੰਬਰ 1, ਪਰਸਰਾਮ ਨਗਰ ਤੋਂ ਪ੍ਰੀਮਿਕਸ ਕੰਮ ਦਾ ਸ਼ੁਭ ਆਰੰਭ ਕਰਵਾਇਆ।
ਇਸ ਦੌਰਾਨ ਨਗਰ ਨਿਗਮ ਦੇ ਜੇਈ ਸ੍ਰੀ ਪਵਨ ਕੁਮਾਰ, ਵਾਰਡ ਨੰਬਰ 50 ਦੇ ਕੌਂਸਲਰ ਸ੍ਰੀ ਸੁਖਦੇਵ ਸਿੰਘ, ਬਲਾਕ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਨਾਗੀ, ਬਲਾਕ ਪ੍ਰਧਾਨ ਸ੍ਰੀ ਮੋਹਿਤ ਗੋਇਲ, ਸ੍ਰੀ ਅਮਰਜੀਤ ਸਿੰਘ ਜੱਗ, ਸ੍ਰੀ ਭੁਪਿੰਦਰ ਸਿੰਘ ਪੱਪਾ, ਸ੍ਰੀ ਪੰਕਜ ਸ਼ਰਮਾ, ਸ੍ਰੀ ਵਿਕਾਸ ਕੌਸ਼ਲ, ਸ੍ਰੀ ਗੁਰਸੇਵਕ ਸਿੰਘ, ਸ੍ਰੀ ਸ਼ੁਭਮ ਗਰਗ, ਸ੍ਰੀ ਬਿੱਕਰ ਸਿੰਘ ਸਾਹਿਲ ਸਮੇਤ ਇਲਾਕੇ ਦੇ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਤਰਜੀਹ ਹੈ। ਬਠਿੰਡਾ ਨੂੰ ਆਧੁਨਿਕ, ਸਾਫ਼-ਸੁਥਰੇ ਅਤੇ ਸੁੰਦਰ ਸ਼ਹਿਰ ਵਜੋਂ ਵਿਕਸਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਮੇਅਰ ਮਹਿਤਾ ਨੇ ਕਿਹਾ, “ਟੀਚਾ ਹੈ ਕਿ 31 ਦਸੰਬਰ ਤੋਂ ਪਹਿਲਾਂ ਬਠਿੰਡਾ ਸ਼ਹਿਰ ਦੀਆਂ ਸਾਰੀਆਂ ਪ੍ਰੀਮਿਕਸ ਵਾਲੀਆਂ ਸੜਕਾਂ ਨੂੰ ਖੱਡਾ ਮੁਕਤ ਕਰ ਦਿੱਤਾ ਜਾਵੇ। ਸ਼ਹਿਰ ਦੇ ਹਰੇਕ ਖੇਤਰ ਵਿੱਚ ਸੜਕਾਂ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਤਰਜੀਹ ਦੇ ਆਧਾਰ ’ਤੇ ਤੇਜ਼ੀ ਨਾਲ ਪ੍ਰੀਮਿਕਸ ਕੰਮ ਕਰਵਾਇਆ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਆਵਾਜਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।”
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਲੋਕ ਹਿੱਤ ਦੇ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਦੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸ਼ਹਿਰਾਂ ਦਾ ਯੋਜਨਾਬੱਧ ਅਤੇ ਆਧੁਨਿਕ ਵਿਕਾਸ ਬੇਹੱਦ ਮਹੱਤਵਪੂਰਨ ਹੈ। ਇਸੇ ਸੋਚ ਤਹਿਤ ਬਠਿੰਡਾ ਵਿੱਚ ਸੜਕਾਂ, ਪਾਣੀ, ਸੀਵਰੇਜ, ਸਫਾਈ ਅਤੇ ਹੋਰ ਜਨਤਕ ਸਹੂਲਤਾਂ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਚੰਗੀਆਂ ਅਤੇ ਸੁਰੱਖਿਅਤ ਸੜਕਾਂ ਕਿਸੇ ਵੀ ਆਧੁਨਿਕ ਸ਼ਹਿਰ ਦੀ ਪਹਿਚਾਣ ਹੁੰਦੀਆਂ ਹਨ। ਨਗਰ ਨਿਗਮ ਦਾ ਯਤਨ ਸਿਰਫ਼ ਸੜਕਾਂ ਦੇ ਖੱਡੇ ਭਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਲੋੜ ਅਨੁਸਾਰ ਸੜਕਾਂ ਦਾ ਪ੍ਰੀਮਿਕਸ ਕਰਵਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਿਹਤਰ ਹਾਲਤ ਵਿੱਚ ਬਣਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਵਾਰਡ ਵਿੱਚ ਬਰਾਬਰ ਰੂਪ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਆਧੁਨਿਕ ਸਰੂਪ ਦੇਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਨਗਰ ਨਿਗਮ ਦੇ ਜਨ ਪ੍ਰਤੀਨਿਧੀਆਂ, ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। “ਸਾਡਾ ਸੰਕਲਪ ਹੈ ਕਿ ਬਠਿੰਡਾ ਦਾ ਹਰ ਖੇਤਰ ਵਿਕਾਸ ਦੀ ਮੁੱਖ ਧਾਰਾ ਨਾਲ ਜੁੜੇ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼-ਸੁਥਰਾ, ਸੁੰਦਰ ਅਤੇ ਸਹੂਲਤਾਂ ਨਾਲ ਭਰਪੂਰ ਸ਼ਹਿਰ ਮਿਲੇ।”
ਵਾਰਡ ਨੰਬਰ 40 ਦੇ ਕੌਂਸਲਰ ਸ੍ਰੀ ਸੰਜੀਵ ਕੁਮਾਰ ਸੋਨੀ ਪ੍ਰਧਾਨ ਨੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਪ੍ਰੀਮਿਕਸ ਕੰਮ ਸ਼ੁਰੂ ਹੋਣ ਨਾਲ ਸਥਾਨਕ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੇਅਰ ਸ੍ਰੀ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।