ਯੁਵਕ ਮੇਲਾ : ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਕੈਂਪਸ ਨੇ ਜਿੱਤੀ ਓਵਰਆਲ ਟਰਾਫੀ
ਤਿੰਨ ਰੋਜ਼ਾ ਸੱਭਿਆਚਾਰਕ ਮਹਾਂਉਤਸਵ ‘ਜੁਗ ਜੁਗ ਜੀਵੇ ਪੰਜਾਬ’ ਸ਼ਾਨਦਾਰ ਢੰਗ ਨਾਲ ਸੰਪੰਨ;
ਮਹਾਰਾਜਾ ਰਣਜੀਤ ਸਿੰਘ ਦੇ 246ਵੇਂ ਜਨਮ ਦਿਵਸ ਮੌਕੇ ਪਤਵੰਤਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2026:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਬਠਿੰਡਾ ਨੇ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਯੂਨੀਵਰਸਿਟੀ ਨੇ ਵੱਖ-ਵੱਖ ਸੱਭਿਆਚਾਰਕ, ਸਾਹਿਤਕ ਅਤੇ ਕਲਾਤਮਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਓਵਰਆਲ ਟਰਾਫ਼ੀ ਜਿੱਤੀ।ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਿੰਡ ਦਿਓਣ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸਵਾਮੀ ਵਿਵੇਕਾਨੰਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਨੂੜ ਤੀਜੇ ਸਥਾਨ ’ਤੇ ਰਿਹਾ।
ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ 11 ਤੋਂ 13 ਨਵੰਬਰ ਤੱਕ ‘ਜੁਗ ਜੁਗ ਜੀਵੇ ਪੰਜਾਬ’ ਦੇ ਥੀਮ ਅਧੀਨ ਕਰਵਾਇਆ ਗਿਆ ਇਹ ਤਿੰਨ ਰੋਜ਼ਾ ਯੁਵਕ ਮੇਲਾ ਪੰਜਾਬੀ ਵਿਰਸੇ ਅਤੇ ਨੌਜਵਾਨਾਂ ਦੀ ਸਿਰਜਣਾਤਮਕ ਪ੍ਰਤਿਭਾ ਦੇ ਰੰਗ ਬਿਖੇਰਦਾ ਹੋਇਆ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸੰਪੰਨ ਹੋਇਆ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਅਤੇ ਐਫੀਲੀਏਟਿਡ ਕਾਲਜਾਂ ਦੇ 1,200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਸ੍ਰੀ ਮਨੀਸ਼ ਕੁਮਾਰ, ਆਈ.ਏ.ਐੱਸ., ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਟਰਾਫ਼ੀਆਂ ਤੇ ਇਨਾਮ ਤਕਸੀਮ ਕੀਤੇ। ਸਰਦਾਰ ਆਸਵੰਤ ਸਿੰਘ ਧਾਲੀਵਾਲ, ਸੁਪਰਡੈਂਟ ਆਫ਼ ਪੁਲਿਸ (ਸਿਟੀ), ਬਠਿੰਡਾ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਹ ਮੌਕਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 246ਵੇਂ ਜਨਮ ਦਿਵਸ ਨੂੰ ਸਮਰਪਿਤ ਵੀ ਸੀ। ਇਸ ਮੌਕੇ ਪਤਵੰਤਿਆਂ ਨੇ ਮਹਾਨ ਸ਼ਾਸਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੀ ਬਹਾਦਰੀ, ਦੂਰਅੰਦੇਸ਼ੀ ਸੋਚ, ਧਰਮ ਨਿਰਪੱਖ ਪਹੁੰਚ ਅਤੇ ਪੰਜਾਬ ਨੂੰ ਇਕਜੁੱਟ ਕਰਨ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਅੱਜ ਵੀ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਏਕਤਾ, ਦ੍ਰਿੜ੍ਹ ਇਰਾਦੇ ਅਤੇ ਅਗਵਾਈ ਵਰਗੇ ਗੁਣ ਅਪਣਾਉਣ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੀਸ਼ ਕੁਮਾਰ ਨੇ ਯੁਵਕ ਮੇਲੇ ਦੀ ਸਫ਼ਲ ਸਮਾਪਤੀ ’ਤੇ ਯੂਨੀਵਰਸਿਟੀ ਪਰਿਵਾਰ, ਪ੍ਰਬੰਧਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ‘ਜੁਗ ਜੁਗ ਜੀਵੇ ਪੰਜਾਬ’ ਦੇ ਥੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ, ਅਗਵਾਈ ਦੀ ਸਮਰੱਥਾ, ਟੀਮ ਭਾਵਨਾ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਵਿਕਸਿਤ ਹੁੰਦੀ ਹੈ।
ਨੌਜਵਾਨਾਂ ਨੂੰ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਉੱਚੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਅਤੇ ਗਿਆਨ, ਨਵੀਨਤਾ ਤੇ ਨਵੀਆਂ ਤਕਨੀਕਾਂ, ਖ਼ਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.), ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਸਫ਼ਲਤਾ ਤੋਂ ਘਬਰਾਉਣ ਦੀ ਬਜਾਏ ਇਸ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਮੌਕਾ ਸਮਝਣਾ ਚਾਹੀਦਾ ਹੈ।
ਵੱਖ-ਵੱਖ ਸ਼੍ਰੇਣੀਆਂ ਦੇ ਨਤੀਜਿਆਂ ਅਨੁਸਾਰ ਐਮ.ਆਰ.ਐਸ.ਪੀ.ਟੀ.ਯੂ. ਮੁੱਖ ਕੈਂਪਸ, ਬਠਿੰਡਾ ਨੇ ਡਾਂਸ, ਥੀਏਟਰ ਅਤੇ ਫਾਈਨ ਆਰਟਸ ਵਿੱਚ ਓਵਰਆਲ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਿੰਡ ਦਿਓਣ ਨੇ ਸੰਗੀਤ ਦੀ ਓਵਰਆਲ ਟਰਾਫ਼ੀ ਜਿੱਤੀ, ਜਦਕਿ ਐਸ.ਡੀ. ਕਾਲਜ ਆਫ਼ ਫਾਰਮੇਸੀ, ਬਰਨਾਲਾ ਨੇ ਸਾਹਿਤਕ ਮੁਕਾਬਲਿਆਂ ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ।
ਯੁਵਕ ਮੇਲੇ ਦੌਰਾਨ ਨਾਚ, ਸੰਗੀਤ, ਥੀਏਟਰ, ਸਾਹਿਤ ਅਤੇ ਫਾਈਨ ਆਰਟਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਭੰਗੜਾ, ਗਿੱਧਾ, ਲੁੱਡੀ ਅਤੇ ਸੰਮੀ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ ਦੇ ਨਾਲ ਲੋਕ ਗਾਇਕੀ, ਸ਼ਾਸਤਰੀ ਅਤੇ ਪੱਛਮੀ ਸੰਗੀਤ, ਸਾਜ਼-ਵਾਦਨ, ਨਾਟਕ, ਕਵਿਤਾ, ਬਹਿਸ, ਭਾਸ਼ਣ ਅਤੇ ਕੁਇਜ਼ ਮੁਕਾਬਲਿਆਂ ਨੇ ਤਿੰਨੋਂ ਦਿਨ ਦਰਸ਼ਕਾਂ ਦਾ ਮਨ ਮੋਹਿਆ। ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ਪੇਂਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਮੇਕਿੰਗ, ਰੰਗੋਲੀ, ਮਹਿੰਦੀ, ਮਿੱਟੀ ਦੇ ਮਾਡਲ ਬਣਾਉਣ ਅਤੇ ਰਵਾਇਤੀ ਪੰਜਾਬੀ ਦਸਤਕਾਰੀ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਦੇ ਮੁਲਾਂਕਣ ਲਈ ਨਾਮਵਰ ਜੱਜਾਂ ਅਤੇ ਆਬਜ਼ਰਵਰਾਂ ਦਾ ਪੈਨਲ ਨਿਯੁਕਤ ਕੀਤਾ ਗਿਆ ਸੀ। ਜੱਜਾਂ ਵਿੱਚ ਪ੍ਰੋ. ਰਿਸ਼ੀ ਹਿਰਦੇਪਾਲ, ਡਾ. ਗੁਨਮਾਲਾ ਸੂਰੀ, ਮਿਸ ਪਰਮਜੀਤ ਕੌਰ ਬਰਾੜ (ਪਰਮ ਬਰਾੜ), ਸ੍ਰੀ ਰਾਜੀਵ ਅਰੋੜਾ, ਪ੍ਰੋ. (ਡਾ.) ਬ੍ਰਹਮਵੇਦ ਸ਼ਰਮਾ, ਪ੍ਰੋ. (ਡਾ.) ਨਰਿੰਦਰ ਸ਼ਰਮਾ, ਸ੍ਰੀ ਨਿਰਮਲ ਦਿਓਲ, ਪ੍ਰੋ. ਗੁਰਪ੍ਰੀਤ ਸਿੰਘ (ਸੋਨੀ), ਪ੍ਰੋ. (ਡਾ.) ਅਨੂਰੀਤ ਕੌਰ ਚੰਡੀ, ਮਿਸ ਜੋਤੀ ਚੌਧਰੀ, ਮਿਸ ਮਨੀਸ਼ਾ, ਡਾ. ਮਨਜੀਤ ਕੌਰ ਗਿੱਲ, ਡਾ. ਸਰਬਜੀਤ ਕੌਰ, ਸ੍ਰੀ ਵਿਨੋਦ ਖੁਰਾਣਾ, ਡਾ. ਸ਼ਸ਼ੀ ਕਾਲੜਾ, ਸ੍ਰੀ ਗੁਰਪ੍ਰੀਤ ਸਿੰਘ (ਆਰਟਿਸਟ), ਸ੍ਰੀ ਤਰਸੇਮ ਰਾਹੀ, ਡਾ. ਦਵਿੰਦਰ ਕੌਰ ਧੱਟ, ਪ੍ਰੋ. ਗੁਰਜੋਤ ਕੌਰ, ਮਿਸ ਮਨਪ੍ਰੀਤ ਕੌਰ ਬਰਾੜ, ਸ੍ਰੀ ਕੇਵਲ ਸਿੰਘ, ਸ੍ਰੀ ਰੰਮੀ ਸਿੱਧੂ, ਡਾ. ਰਣਬੀਰ ਸਿੰਘ ਕਿੰਗਰਾ, ਸ੍ਰੀ ਗੌਰਵ ਦੁੱਗਲ, ਸ੍ਰੀ ਕੀਰਤੀ ਕਿਰਪਾਲ, ਸ੍ਰੀ ਜੁਝਾਰ ਸਿੰਘ, ਸ੍ਰੀ ਸੁਖਵੀਰ ਸਿੰਘ ਬਰਾੜ, ਸ੍ਰੀ ਹਰਵਿੰਦਰ ਸਿੰਘ ਖਾਲੜਾ ਅਤੇ ਸਰਬਜੀਤ ਸਿੰਘ ਸ਼ਾਮਲ ਸਨ। ਆਬਜ਼ਰਵਰਾਂ ਵਜੋਂ ਸ. ਜਸਮੇਰ ਸਿੰਘ ਧੱਟ, ਪ੍ਰੋ. (ਡਾ.) ਸਤਵੰਤ ਕੌਰ ਅਤੇ ਪ੍ਰੋ. (ਡਾ.) ਜਵੰਤ ਕੌਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਡਾ. ਭੁਪਿੰਦਰ ਸਿੰਘ ਧੋਟ ਨੂੰ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ 11 ਸਾਲਾਂ ਤੱਕ ਡਾਇਰੈਕਟਰ ਯੁਵਕ ਭਲਾਈ ਵਜੋਂ ਨਿਭਾਈਆਂ ਸਮਰਪਿਤ ਸੇਵਾਵਾਂ ਅਤੇ ਜੀ.ਜ਼ੈੱਡ.ਐੱਸ.ਸੀ.ਸੀ.ਈ.ਟੀ., ਬਠਿੰਡਾ ਵਿਖੇ ਕੋਆਰਡੀਨੇਟਰ ਸੱਭਿਆਚਾਰਕ ਗਤੀਵਿਧੀਆਂ ਵਜੋਂ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਉਨ੍ਹਾਂ ਨੇ 10 ਅੰਤਰ-ਜ਼ੋਨਲ ਯੁਵਕ ਮੇਲਿਆਂ ਦੇ ਸਫ਼ਲ ਆਯੋਜਨ ਅਤੇ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਸਦਕਾ ਯੂਨੀਵਰਸਿਟੀ ਨੇ ਰਾਜ ਅਤੇ ਕੌਮੀ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ।
ਸਰਦਾਰ ਆਸਵੰਤ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਦੀ ਅਗਵਾਈ, ਪ੍ਰਬੰਧਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਿਰਜਣਾਤਮਕਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਊਰਜਾ ਅਤੇ ਸਮਰੱਥਾ ਨੂੰ ਨਿੱਜੀ ਵਿਕਾਸ ਅਤੇ ਸਮਾਜ ਦੀ ਬਿਹਤਰੀ ਲਈ ਵਰਤਣ ਦਾ ਸੱਦਾ ਦਿੱਤਾ।
ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਸ ਨੂੰ ਨਿਖਾਰਨ ਲਈ ਅਹਿਮ ਮੰਚ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਿਰਫ਼ ਮੁਕਾਬਲਿਆਂ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ, ਆਤਮ-ਵਿਸ਼ਵਾਸ, ਅਗਵਾਈ ਅਤੇ ਟੀਮ ਭਾਵਨਾ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਮਾਂ-ਬੋਲੀ, ਪਰੰਪਰਾਵਾਂ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੇ ਹਨ। ਉਨ੍ਹਾਂ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ।
ਇਸ ਯੁਵਕ ਮੇਲੇ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਯੁਵਕ ਭਲਾਈ ਵਿਭਾਗ ਵੱਲੋਂ ਕੀਤਾ ਗਿਆ। ਡਾਇਰੈਕਟਰ ਯੁਵਕ ਭਲਾਈ ਡਾ. ਇਕਬਾਲ ਸਿੰਘ ਬਰਾੜ ਨੇ ਆਪਣੀ ਟੀਮ ਨਾਲ ਇਸ ਮੇਲੇ ਦਾ ਤਾਲਮੇਲ ਕੀਤਾ। ਮੇਲੇ ਦੌਰਾਨ ਪ੍ਰਭਾਵਸ਼ਾਲੀ ਮੰਚ ਸੰਚਾਲਨ ਲਈ ਮਿਮਿਟ ਦੇ ਪ੍ਰੋ. ਗੁਰਪ੍ਰੀਤ ਸਿੰਘ ਸੋਨੀ ਅਤੇ ਪ੍ਰੋ. ਸੁਨੀਤਾ ਕੋਟਵਾਲ ਦੀ ਵੀ ਸ਼ਲਾਘਾ ਕੀਤੀ ਗਈ।
- Download Babushahi App
-
-