Political Special-ਜਾਣਦਾ ਨਿਆਣਾ ਤੇ ਸਿਆਣਾ ਬੱਲੀਏ ‘ਪਰਗਟ’ ਦਾ ਗੜ੍ਹ ਜਲੰਧਰ ਆਲਾ ਥਾਣਾ ਬੱਲੀਏ
ਅਸ਼ੋਕ ਵਰਮਾ
ਬਠਿੰਡਾ , 13 ਨਵੰਬਰ 2026: ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਜਲੰਧਰ ਛਾਉਣੀ ਹਲਕਾ ਕਾਂਗਰਸ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਲਈ ਚੁਣੌਤੀ ਬਣ ਸਕਦਾ ਹੈ। ਇਸ ਹਲਕੇ ਤੋਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਲਗਾਤਾਰ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ । ਹੁਣ 2027 ’ਚ ਪਰਗਟ ਸਿੰਘ ਜਿੱਥੇ ਆਪਣਾ ਗੜ੍ਹ ਬਚਾਉਣ ਲਈ ਮੈਦਾਨ ’ਚ ਉੱਤਰਨਗੇ ਉੱਥੇ ਹੀ ਆਮ ਆਦਮੀ ਪਾਰਟੀ , ਭਾਜਪਾ ਅਤੇ ਸ਼ੋਮਣੀ ਅਕਾਲੀ ਦਲ ਵੱਲੋਂ ਇਸ ਸਾਬਕਾ ਹਾਕੀ ਉਲੰਪੀਅਨ ਖਿਲਾਫ ਸਿਆਸੀ ਗੋਲ ਕਰਨ ਲਈ ਮਜਬੂਤ ਚੁਣੌਤੀ ਨਾਲ ਮੈਦਾਨ ’ਚ ਨਿੱਤਰਨ ਦੀ ਤਿਆਰੀ ਵਿੱਚ ਹਨ। ਉਂਜ ਇਹ ਵੀ ਜਿਕਰਯੋਗ ਹੈ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ’ਚ ਸੰਭਾਵੀ ਗਠਜੋੜ ਨੇਪਰੇ ਚੜ੍ਹਦਾ ਹੈ ਤਾਂ ਚੋਣ ਮੈਦਾਨ ਚੋਂ ਇੱਕ ਸਿਆਸੀ ਧਿਰ ਘਟਣ ਦੇ ਅਨੁਮਾਨ ਲਾਏ ਜਾ ਰਹੇ ਹਨ। ਕਾਂਗਰਸ ਪਾਰਟੀ ਨੇ ਅਜੇ ਤੱੱਕ ਪਰਗਟ ਸਿੰਘ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਨਹੀਂ ਹੈ।
ਇਸ ਦੇ ਬਾਵਜੂਦ ਹਲਕੇ ’ਚ ਇਹੋ ਮੰਨਿਆ ਜਾ ਰਿਹਾ ਹੈ ਕਿ ਪਰਗਟ ਸਿੰਘ ਤੋਂ ਮਜਬੂਤ ਕਾਂਗਰਸੀ ਉਮੀਦਵਾਰ ਮਿਲਣਾ ਅਸੰਭਵ ਹੈ। ਹਾਕਮ ਧਿਰ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਦੀਪਕ ਬਾਲੀ ਨੂੰ ਉਮੀਦਵਾਰ ਬਣਾਕੇ ਇਸ ਹਲਕੇ ਤੋਂ ਅਗੇਤੀ ਸਿਆਸੀ ਸ਼ਤਰੰਜ ਵਿਛਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਸਬੰਧੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਭਾਜਪਾ ਤਰਫੋਂ ਦਾਅਵੇਦਾਰਾਂ ’ਚ ਆਮ ਆਦਮੀ ਪਾਰਟੀ ਛੱਡਕੇ ਬੀਜੇਪੀ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ , ਜਗਬੀਰ ਸਿੰਘ ਬਰਾੜ ਅਤੇ ਸਰਬਜੀਤ ਸਿੰਘ ਮੱਕੜ ਤੋਂ ਇਲਾਵਾ ਅਮਿਤ ਤਨੇਜਾ ਪ੍ਰਮੁੱਖ ਸੰਭਾਵੀ ਉਮੀਦਵਾਰ ਮੰਨੇ ਜਾ ਰਹੇ ਹਨ। ਜਲੰਧਰ ਛਾਉਣੀ ਹਲਕੇ ’ਚ ਚੋਣ ਮੁਹਿੰਮ ਸਥਾਨਕ ਸਮੱਸਿਆਵਾਂ , ਕੂੜਾ, ਬਿਜਲੀ ਦੀ ਓਵਰਲੋਡਿੰਗ , ਪੁਰਾਣੇ ਟਰਾਂਸਫਾਰਮਰ, ਸੜਕਾਂ , ਨਸ਼ਿਆਂ ਦਾ ਮਾਮਲਾ , ਬੰਦ ਤੇ ਪੁਰਾਣਾ ਸੀਵਰੇਜ , ਪੇਂਡੂ ਵਿਕਾਸ ਅਤੇ ਕਥਿਤ ਨਜਾਇਜ ਮਾਈਨਿੰਗ ਦੇ ਇਰਦ ਗਿਰਦ ਰਹਿਣ ਦੀ ਸੰਭਾਵਨਾ ਹੈ।
ਜਲੰਧਰ ਛਾਉਣੀ ਦੇ ਵਹੀ ਖਾਤਿਆਂ ਅਨੁਸਾਰ 2022 ’ਚ ਪਰਗਟ ਸਿੰਘ ਨੇ 40 ਹਜ਼ਾਰ 816 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਲੰਪੀਅਨ ਤੇ ਸਾਬਕਾ ਐਸਐਸਪੀ ਸੁਰਿੰਦਰ ਸਿੰਘ ਸੋਢੀ ਨੂੰ 35 ਹਜ਼ਾਰ 8 ਵੋਟਾਂ ਪਈਆਂ ਸਨ ਅਤੇ ਜਿੱਤ ਹਾਰ ਦਾ ਫਰਕ 5808 ਵੋਟਾਂ ਰਿਹਾ ਸੀ। ਇਸ ਮੌਕੇ ਛਾਉਣੀ ਹਲਕੇ ’ਚ ਕੁੱਲ 1 ਲੱਖ 93 ਹਜ਼ਾਰ 992 ਵੋਟਾਂ ਸਨ। ਹਾਲਾਂਕਿ ‘ਐਸਆਈਆਰ’ ਕਾਰਨ 2027 ’ਚ ਵੋਟਾਂ ਦੀ ਗਿਣਤੀ ਇਸ ਤੋਂ ਵੱਖਰੀ ਹੋ ਸਕਦੀ ਹੈ। ਸਾਲ 2017 ’ਚ ਪਰਗਟ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ 59,349 ਵੋਟਾਂ ਲੈਕੇ ਅਕਾਲੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ 29 ਹਜ਼ਾਰ 124 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦੋਂਕਿ 2012 ’ਚ ਉਨ੍ਹਾਂ ਅਕਾਲੀ ਦਲ ਤਰਫੋਂ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰਾਂ ਉਹ 2012 ਤੋਂ ਲਗਾਤਾਰ ਛਾਉਣੀ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ।
ਹੁਣ ਇੱਕ ਨਜ਼ਰ ਦਿੱਕਤਾਂ ਦੀ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਪੇਂਡੂ ਖੇਤਰਾਂ ’ਚ ਸੀਵਰੇਜ਼ ਦਾ ਪੁਰਾਣਾ ਢਾਂਚਾ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਹਲਕਾ ਵਾਸੀਆਂ ਅਨੁਸਾਰ ਬਿਜਲੀ ਬੰਦ ਹੋਣ ਨਾਲ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ ਜੋ ਜਲਭਰਾਅ ਦਾ ਕਾਰਨ ਬਣਦੀ ਹੈ। ਘਰ ਘਰ ਚੋਂ ਕੂੜਾ ਇਕੱਤਰ ਕਰਨ ਅਤੇ ਉਸ ਦੇ ਸਥਾਈ ਨਿਪਟਾਰੇ ਦੇ ਪ੍ਰਬੰਧਾਂ ਨੂੰ ਲੈਕੇ ਵੀ ਕਈ ਪ੍ਰਕਾਰ ਦੇ ਸਵਾਲ ਹਨ। ਨਗਰਨਿਗਮ ’ਚ ਸ਼ਾਮਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਵੀ ਇੰਨ੍ਹਾਂ ਚੋਣਾਂ ਤਾ ਅਹਿਮ ਮੁੱਦਾ ਬਣੇਗਾ। ਇਸ ਸਰਕਾਰ ’ਚਉਹ ਪੇਂਡੂ ਇਲਾਕਿਆਂ ’ਚ ਕਥਿਤ ਤੌਰ ’ਤੇ ਨਜਾਇਜ ਮਾਈਨਿੰਗ ਦਾ ਮੁੱਦਾ ਵੀ ਚੁੱਕ ਰਹੇ ਹਨ। ਉਨ੍ਹਾਂ ਅਨੁਸਾਰ ਇਸ ਤਰਾਂ ਜਮੀਨ ਦੇ ਪੱਧਰ ’ਚ ਤਬਦੀਲੀ ਅਤੇ ਕੁੱਝ ਥਾਈਂ ਧਰਤੀ ਧਸਣ ਵਰਗੀ ਸਥਿਤੀ ਬਣੀ ਹੈ। ਉਹ ਇੰਨ੍ਹਾਂ ਗਤੀਵਿਧੀਆਂ ’ਤੇ ਪ੍ਰਭਾਵੀ ਢੰਗ ਨਾਲ ਰੋਕ ਦੀ ਮੰਗ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਗਟ ਸਿੰਘ ਵੱਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਹੋਏ ਬੁਨਿਆਦੀ ਢਾਂਚੇ ਅਤੇ ਸੜਕਾਂ ਦੇ ਕੰਮਾਂ ਨੂੰ ਆਪਣੀ ਉਪਲਬਧੀਆਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ 66 ਫੁੱਟ ਰੋਡ ਅਤੇ ਮੈਕਡਾਨਲਡ ਤੋਂ ਛਾਉਣੀ ਨੂੰ ਜੋੜਨ ਵਾਲੀ ਸੜਕ ਨੂੰ ਵੀ ਆਪਣੇ ਪ੍ਰਮੁੱਖ ਕਾਰਜਾਂ ਚੋਂ ਇੱਕ ਦੱਸਿਆ ਜਾ ਰਿਹਾ ਹੈ। ਇੱਕ ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਨਜਾਇਜ ਕਲੋਨੀਆਂ ’ਤੇ ਕਾਰਵਾਈ ਕਰਨ ਨਾਲ ਲੋਕਾਂ ਨੂੰ ਭਵਿੱਖ ਦੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਹੋਰ ਮਹੱਤਵਪੂਰਨ ਸੜਕ ਦੀ ਯੋਜਨਾ ਤਿਆਰ ਕਰਕੇ ਅੱਗੇ ਵਧਾਈ ਗਈ ਹੈ। ਵਿਧਾਇਕ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਵਿਕਾਸ ਦੇ ਮਾਮਲੇ ’ਚ ਲੁੜੀਂਦਾ ਸਹਿਯੋਗ ਨਹੀਂ ਮਿਲਿਆ ਹੈ। ਵਿਧਾਇਕ ਆਖਦੇ ਹਨ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਹਲਕੇ ’ਚ ਵਿਕਾਸ ਕਾਰਜਾਂ ਦੀਆਂ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢੀਆਂ ਜਾਣਗੀਆਂ।
ਸਭਨਾਂ ਧਿਰਾਂ ਅੱਗੇ ਚੁਣੌਤੀਆਂ
ਪਰਗਟ ਸਿੰਘ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਮਿਲਣ ਨਾਲ ਪਰਗਟ ਸਿੰਘ ਦਾ ਸਿਆਸੀ ਕੱਦ ਉੱਚਾ ਹੋਇਆ ਹੈ ਜੋ ਉਸ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੀ ਜਿੰਮੇਵਾਰੀ ਹੋਣ ਕਰਕੇ ਉਹ ਹਲਕੇ ਤੋਂ ਦੂਰ ਵੀ ਹੋਣਗੇ ਜਿਸ ਨਾਲ ਸਿਆਸੀ ਨੁਕਸਾਨ ਦੀ ਸੰਭਾਵਨਾ ਵੀ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਲਈ ਚੌਥੀ ਜਿੱਤ ਅਤੇ ਵਿਰੋਧੀਆਂ ਲਈ ਉਨ੍ਹਾਂ ਨੂੰ ਹਰਾਉਣਾ ਵਿਰੋਧੀਆਂ ਲਈ ਚੁਣੌਤੀ ਹੈ
- Download Babushahi App
-
-