ਯੁੱਧ ਨਸ਼ਿਆਂ ਵਿਰੁੱਧ : 15 ਅਤੇ 16 ਨਵੰਬਰ ਨੂੰ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਉਣ ਦਾ ਫੈਸਲਾ
20 ਪਿੰਡਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2026 :ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 20 ਪਿੰਡਾਂ ਦੇ ਟੂਰਨਾਮੈਂਟ ਹੁਣ 15 ਅਤੇ 16 ਨਵੰਬਰ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਨਸ਼ਿਆਂ ਤੋਂ ਜ਼ਿਆਦਾ ਪ੍ਰਭਾਵਿਤ ਇਨ੍ਹਾਂ 20 ਪਿੰਡਾਂ ਨੂੰ 4 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ, ਜਿਥੇ 15 ਅਤੇ 16 ਨਵੰਬਰ ਨੂੰ ਪਿੰਡਾਂ ਦੇ ਆਪਸੀ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਕਲੱਸਟਰਾਂ ਚੋਂ ਜੇਤੂ ਤਿੰਨ ਦੇ ਆਪਸੀ ਮੁਕਾਬਲੇ 22 ਅਤੇ 23 ਨਵੰਬਰ ਨੂੰ ਭੋਖੜਾ ਵਿਖੇ ਕਰਵਾਏ ਜਾਣਗੇ। ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਜੇਤੂ ਟੀਮਾਂ ਨੂੰ ਪਹਿਲੀ ਪੁਜੀਸ਼ਨ ਹਾਸਲ ਕਰਨ ਤੇ 51000 ਰੁਪਏ, ਦੂਸਰੀ ਪੁਜੀਸ਼ਨ ਤੇ 31000 ਰੁਪਏ ਅਤੇ ਤੀਜੀ ਪੁਜੀਸ਼ਨ ਵਾਲੀ ਟੀਮ ਨੂੰ 21000 ਰੁਪਏ ਇਨਾਮ ਰਾਸ਼ੀ ਵੱਜੋਂ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪਿੰਡਾਂ ਚ ਲੋਕਾਂ ਨੂੰ ਨਸ਼ੇ ਤੋਂ ਨਿਜਾਤ ਦਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਹਰਰਾਏਪੁਰ ‘ਚ ਅਹਿਮ ਥਾਵਾਂ ਉੱਤੇ 3 ਸੀਸੀਟੀਵੀ ਕੈਮਰੇ ਲਗਾਏ ਗਏ। ਪਿੰਡਾਂ ‘ਚ 12 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪਿੰਡ ਭਾਈ ਬਖਤੌਰ ‘ਚ ਖੇਡ ਸਟੇਡੀਅਮ ‘ਚ ਲਾਈਟਾਂ ਦਾ ਕੰਮ ਸ਼ੁਰੂ ਕਰਵਾਇਆ। ਇਸੇ ਤਰ੍ਹਾਂ ਪਿੰਡ ਕਲਿਆਣ ਸੱਦਾ ਵਿਖੇ ਪਿੰਡ ਦੀ ਸਮਸ਼ਾਨ ਘਾਟ, ਬੱਸ ਸਟੈਂਡ ਅਤੇ ਪੀਰ ਖਾਨਾ ਰੋਡ ਤੇ ਕੈਮਰੇ ਲਗਾਏ ਗਏ ਅਤੇ ਪਿੰਡ ਦੇ ਸਕੂਲ ਵਿਖੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕੀਤਾ ਗਿਆ।