ਕਮਿਊਨਿਸਟ ਆਗੂਆਂ ਵੱਲੋਂ ਸਾਮਰਾਜੀ ਮੁਲਕਾਂ ਅਤੇ ਫਾਸ਼ੀਵਾਦੀ ਨੀਤੀਆਂ ਖਿਲਾਫ ਲੜਾਈ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2026 :‘ਅਮਰੀਕਾ-ਇਜ਼ਰਾਇਲ ਸਮੇਤ ਸੰਸਾਰ ਦੇ ਕਈ ਦੇਸ਼ਾਂ ’ਚ ਹੋਈਆਂ ਹਾਲੀਆ ਚੋਣਾਂ ਦੇ ਨਤੀਜੇ ਵਿਸ਼ਵੀ ਤੇ ਸਥਾਨਕ ਪੂੰਜੀ ਦੀ ਬੇਰਹਿਮ ਲੁੱਟ-ਚੋਂਘ ਦੀ ਗਾਰੰਟੀ ਕਰਦੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਸਾਮਰਾਜ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਮਿਹਨਤਕਸ਼ਾਂ ਦੇ ਪ੍ਰਚੰਡ ਰੋਹ ਦਾ ਪ੍ਰਗਟਾਵਾ ਕਰਦੇ ਹਨ। ਨਤੀਜਿਆਂ ਰਾਹੀਂ ਲੋਕਾਂ ਨੇ ਸੱਜ ਪਿਛਾਖੜ ਦੀ ਨਸਲਵਾਦ ਤੇ ਪ੍ਰਵਾਸੀ ਵਿਰੋਧ ’ਤੇ ਆਧਾਰਿਤ ਤਬਾਹਕੁੰਨ ਵਿਚਾਰਧਾਰਾ ਖਿਲਾਫ਼ ਵੀ ਸਖ਼ਤ ਨਾਪਸੰਦਗੀ ਜ਼ਾਹਿਰ ਕੀਤੀ ਹੈ।’’ ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ ਹਨ। ਸਾਥੀ ਪਾਸਲਾ ਨੇ ਕਿਹਾ ਹੈ ਕਿ, ‘‘ਕਮਿਊਨਿਸਟਾਂ ਨੂੰ ਆਮ ਲੋਕਾਂ, ਖਾਸ ਕਰਕੇ ਕਿਰਤੀ ਸ਼ਰੇਣੀ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਲਈ ਪੂਰਾ ਟਿੱਲ ਲਾਉਣਾ ਚਾਹੀਦਾ ਹੈ ਕਿ ਮਿਹਨਤੀ ਵਰਗਾਂ ਦੇ ਬੁਨਿਆਦੀ ਮਸਲਿਆਂ ਦੇ ਸਥਾਈ ਹੱਲ ਲਈ ਸੰਸਾਰ ਭਰ ’ਚ ਸਮਾਜਵਾਦ ਦੀ ਕਾਇਮੀ ਦਾ ਮਾਨਵੀ ਲੋਕ-ਯੁੱਧ ਤੇਜ਼ ਕੀਤਾ ਜਾਵੇ।’’
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਤੇ ਇਸਦੇ ਭਾਈਵਾਲਾਂ ਦੀ ਲੱਕ-ਤੋੜ ਹਾਰ ਯਕੀਨੀ ਬਣਾਉਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੀਟਿੰਗ ਦੀ ਇਹ ਪ੍ਰਪੱਕ ਸਮਝ ਹੈ ਕਿ ਭਾਜਪਾ ਤੇ ਇਸਦੇ ਸਹਿਯੋਗੀਆਂ ਨੂੰ ਹਰਾਉਣ ਦੇ ਸਮਰੱਥ ‘ਇੰਡੀਆ’ ਗਠਜੋੜ ਦੀ ਮੁੱਖ ਭਾਈਵਾਲ ਪਾਰਟੀ ਕਾਂਗਰਸ (ਆਈ) ਨੂੰ ਫੌਰੀ ਤੌਰ ’ਤੇ ਰਾਜ ਦੇ ਖੱਬੇ, ਜਮਹੂਰੀ, ਧਰਮ ਨਿਰਪੱਖ ਸਿਆਸੀ ਦਲਾਂ ਤੇ ਹੋਰ ਨਰੋਈਆਂ ਤਾਕਤਾਂ ਨੂੰ ਇਕਜੁੱਟ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦੇ ਆਰ.ਐਸ.ਐਸ. ਤੇ ਭਾਜਪਾ ਦੇ ਕੋਝੇ ਮਨਸੂਬੇ ਫੇਲ੍ਹ ਕੀਤੇ ਜਾ ਸਕਣ।
ਮੀਟਿੰਗ ਦੀ ਰਾਇ ਹੈ ਕਿ ਸਿੱਖ ਫਲਸਫੇ ਦੇ ਮਾਨਵੀ ਸਰੋਕਾਰਾਂ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤਾਂ ਨਾਲ ਧ੍ਰੋਹ ਕਮਾਉਂਦੇ ਹੋਏ ਭਾਜਪਾ ਨਾਲ ਸਿਆਸੀ ਸਾਂਝ ਪਾਉਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਗੋਡੇ ਟੇਕੂ ਤੇ ਸਵੈਘਾਤੀ ਪੈਂਤੜੇ ਨੂੰ ਗੈਰਤਮੰਦ ਪੰਜਾਬੀ ਉੱਕਾ ਹੀ ਪ੍ਰਵਾਨ ਨਹੀਂ ਕਰਨਗੇ। ਮੀਟਿੰਗ ਵਲੋਂ ਪੰਜਾਬੀਆਂ ਨੂੰ ਕੇਂਦਰੀ ਏਜੰਸੀਆਂ ਅਤੇ ਮੋਦੀ ਸਰਕਾਰ ਦੇ ਹੱਥਠੋਕਿਆਂ ਤੇ ਕੱਟੜਪੰਥੀਆਂ ਦੀਆਂ ਭਾਜਪਾ ਦੇ ਵਿਰੁੱਧ ਭੁਗਤਨ ਵਾਲੇ ਵੋਟਰਾਂ ਨੂੰ ਕੁਰਾਹੇ ਪਾਉਣ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਤੇ ਭਾਜਪਾ ਨੂੰ ਚੋਰ ਮੋਰੀਓਂ ਜਿਤਾਉਣ ਦੀਆਂ ਇਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਪਛਾੜਨ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਮੀਟਿੰਗ ਨੇ ਪ੍ਰਾਂਤ ਦੇ ਕਿਰਤੀਆਂ, ਖਾਸ ਕਰਕੇ ਦਲਿਤ ਸਮਾਜ ਨੂੰ ਅਪੀਲ ਕੀਤੀ ਹੈ ਕਿ ਮਨੂੰਵਾਦ ਦੀ ਪੁਨਰਸੁਰਜੀਤੀ ਦੇ ਆਰ.ਐਸ.ਐਸ. ਦੇ ਕੋਝੇ ਮਨਸੂਬੇ ਫੇਲ੍ਹ ਕਰਨ ਲਈ ਆਪਣਾ ਧਿਆਨ ਭਾਜਪਾ ਦੀ ਹਾਰ ਯਕੀਨੀ ਬਣਾਉਣ ਵੱਲ ਕੇਂਦ੍ਰਿਤ ਕੀਤਾ ਜਾਵੇ।
ਮੀਟਿੰਗ ਨੇ ਨੋਟ ਕੀਤਾ ਹੈ ਕਿ ‘ਆਪ’ ਦੀ ਅਗਵਾਈ ਵਾਲੀ ਸੂਬੇ ਦੀ ‘ਭਗਵੰਤ ਸਿੰਘ ਮਾਨ ਸਰਕਾਰ’ ਪਿਛਲੀਆਂ ਚੋਣਾਂ ਦੌਰਾਨ ਕੀਤੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੇ ਵਾਅਦੇ ਨਿਭਾਉਣ ਪੱਖੋਂ ਸੌ ਫੀਸਦੀ ਅਸਫਲ ਸਿੱਧ ਹੋਈ ਹੈ ਅਤੇ ਆਪਣੀਆਂ ਚੌਤਰਫਾ ਨਾਕਾਮੀਆਂ ਨੂੰ ਲੁਕਾਉਣ ਲਈ ਅਤਿ ਮਹਿੰਗੇ ਪ੍ਰਚਾਰ ਤੇ ਪੁਲਸ ਜਬਰ ਦਾ ਆਸਰਾ ਲੈ ਰਹੀ ਹੈ।
ਮੀਟਿੰਗ ਵਲੋਂ ਪਾਰਟੀ ਦੇ ਮਜ਼ਬੂਤ ਆਧਾਰ ਵਾਲੀਆਂ ਸੂਬੇ ਦੀਆਂ 10 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਅਤੇ ਵਿਧਾਨ ਸਭਾ ’ਚ ਖੱਬੇ ਪੱਖ ਦੀ ਸ਼ਕਤੀ ਵਧਾਉਣ ਲਈ ਠੋਸ ਯਤਨ ਕਰਨ ਦਾ ਨਿਰਣਾ ਲਿਆ ਗਿਆ ਹੈ।
ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਯੁੱਧ ਸਾਥੀਆਂ ਸਵਦੇਸ਼ ਭੱਟਾਚਾਰੀਆ, ਗਿਆਨੀ ਜਗਤਾਰ ਸਿੰਘ, ਜਸਵੰਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਜਾਰੀ ਕਰਤਾ: ਮਹੀਪਾਲ (99153 12806)