ਪਾਇਲ ਵਿਖੇ ਚਰਨਜੀਤ ਸਿੰਘ ਚੰਨੀ ਦੀ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੇ ਸਵਾਗਤ ਦੀਆਂ ਤਿਆਰੀਆਂ ਮੁਕੰਮਲ; ਕਾਂਗਰਸ ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ
ਖੰਨਾ ( ਰਵਿੰਦਰ ਢਿੱਲੋ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕੰਪੇਨ ਕਮੇਟੀ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਗਈ “ਜਵਾਨੀ ਸੰਭਾਲ ਸਾਈਕਲ ਯਾਤਰਾ” 19 ਨਵੰਬਰ ਨੂੰ ਹਲਕਾ ਪਾਇਲ ਵਿਖੇ ਪਹੁੰਚ ਰਹੀ ਹੈ। ਇਸ ਯਾਤਰਾ ਦੇ ਸਵਾਗਤ ਅਤੇ ਪ੍ਰਬੰਧਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਪਾਇਲ ਸਥਿਤ ਕਾਂਗਰਸ ਦਫ਼ਤਰ ਵਿਖੇ ਹਲਕੇ ਦੇ ਸੀਨੀਅਰ ਆਗੂ ਸ. ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ।
ਮੀਟਿੰਗ ਵਿੱਚ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਬਲਾਕ ਪ੍ਰਧਾਨਾਂ ਅਤੇ ਮੰਡਲ ਪ੍ਰਧਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਯਾਤਰਾ ਦੇ ਪਾਇਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕਰਨ, ਰੂਟ ਦੀ ਵਿਉਂਤਬੰਦੀ ਅਤੇ ਆਵਾਜਾਈ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਸ. ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯਾਤਰਾ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕਰਨ ਅਤੇ ਨਵੀਂ ਸੇਧ ਦੇਣ ਲਈ ਅਹਿਮ ਕਦਮ ਹੈ, ਜਿਸ ਵਿੱਚ ਹਲਕਾ ਪਾਇਲ ਦੇ ਲੋਕ ਅਤੇ ਨੌਜਵਾਨ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਯਾਤਰਾ ਨੂੰ ਸੁਚਾਰੂ ਤੇ ਸਫ਼ਲ ਬਣਾਉਣ ਲਈ ਮੌਕੇ 'ਤੇ ਹਾਜ਼ਰ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਸਾਰੇ ਆਗੂਆਂ ਨੇ ਭਰੋਸਾ ਦਿੱਤਾ ਕਿ ਹਲਕਾ ਪਾਇਲ ਵਿੱਚ ਇਸ ਸਾਈਕਲ ਯਾਤਰਾ ਦਾ ਇਤਿਹਾਸਕ ਅਤੇ ਭਰਵਾਂ ਸਵਾਗਤ ਕੀਤਾ ਜਾਵੇਗਾ।