Big Breaking: ਟਿਕਟ ਕੱਟੇ ਜਾਣ ਤੋਂ ਬਾਅਦ ਖੁੱਡੀਆਂ ਦਾ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ? (ਵੇਖੋ ਵੀਡੀਓ)
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 12 ਨਵੰਬਰ 2026- ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਅੱਜ 31 ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ। ਪਰ ਇਨ੍ਹਾਂ 31 ਉਮੀਦਵਾਰਾਂ ਦੀ ਸੂਚੀ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸੀ, ਜਿਸਨੂੰ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਅਤੇ ਉਨ੍ਹਾਂ ਦੇ ਹਲਕੇ ਲੰਬੀ ਤੋਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ। ਟਿਕਟ ਕੱਟੇ ਜਾਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ, ਟਿਕਟ ਨਾ ਦੇਣਾ ਜਾਂ ਦੇਣਾ ਪਾਰਟੀ ਦੀ ਮਰਜ਼ੀ, ਕਿਉਂ ਨਹੀਂ ਦਿੱਤੀ, ਇਹ ਹਾਈਕਮਾਂਡ ਹੀ ਜਾਣਦੀ ਹੈ। ਮੈਂ ਕੋਈ ਕੁਤਾਹੀ ਨਹੀਂ ਕੀਤੀ, ਮੈਂ ਪਿਛਲੇ ਕਰੀਬ ਪੰਜ ਸਾਲਾਂ ਵਿੱਚ ਪਾਰਟੀ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ, ਮੈਂ ਆਪਣੀ ਡਿਊਟੀ ਜਿੰਮੇਵਾਰੀ ਅਤੇ ਪੂਰੀ ਤੰਨਦੇਹੀ ਨਾਲ ਨਿਭਾਈ। ਮੈਂ ਇਕ ਵਿਧਾਇਕ ਅਤੇ ਮੰਤਰੀ ਵਜੋਂ ਹਲਕੇ ਅਤੇ ਪੰਜਾਬ ਦੇ ਲੋਕਾਂ ਲਈ ਵੱਧ ਤੋਂ ਵੱਧ ਚੰਗੇ ਕੰਮ ਕਰਨ ਦੀ ਕੋਸਿਸ਼ ਕੀਤੀ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ, ਪਿਛਲੇ ਮਹੀਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਝੋਟੇ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਮੋਰਚਾ ਲਾਇਆ ਸੀ, ਜਿਸ ਦੇ ਨਾਲ ਵੀ ਮੈਂ ਹੀ ਸਰਕਾਰ ਦੀ ਤਰਫ਼ੋਂ ਗੱਲਬਾਤ ਕੀਤੀ। ਪਾਰਟੀ ਜਾਂ ਫਿਰ ਸਰਕਾਰ ਨੇ ਹੁਣ ਤੱਕ ਜਿੱਥੇ ਵੀ ਮੇਰੀ ਡਿਊਟੀ ਲਗਾਈ ਹੈ, ਮੈਂ ਉਸਨੂੰ ਪੂਰੀ ਤੰਨਦੇਹੀ ਨਾਲ ਨਿਭਾਇਆ ਹੈ। ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਅਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ।
ਜਦੋਂ ਬਾਬੂਸ਼ਾਹੀ ਦੇ ਐਡੀਟਰ ਨੇ ਪੁੱਛਿਆ ਕਿ, ਚਰਚਾਵਾਂ ਚੱਲ ਰਹੀਆਂ ਹਨ ਕਿ ਤੁਹਾਨੂੰ ਮੌੜ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਤਾਂ, ਉਨ੍ਹਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ, ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਅਗਲੇ ਸਵਾਲ ਦਾ ਜਵਾਬ ਦਿੰਦਿਆਂ ਖੁੱਡੀਆਂ ਨੇ ਕਿਹਾ ਕਿ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ, ਪਾਰਟੀ ਵੱਲੋਂ ਮੇਰੀ ਲੰਬੀ ਹਲਕੇ ਤੋਂ ਹੀ ਟਿਕਟ ਕੱਟ ਦਿੱਤੀ ਜਾਵੇਗੀ, ਪਰ ਫਿਰ ਵੀ ਮੈਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
- Download Babushahi App
-
-