ਪੰਜਾਬ 'ਚ ਝੋਨੇ ਦੀ ਖਰੀਦ ਨੂੰ ਚਾਲੂ ਰੱਖਣ ਲਈ SDM ਰਾਂਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਰਵਿੰਦਰ ਢਿੱਲੋ, ਪਾਇਲ
ਸੰਯਕੁਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੇ ਵਿਰੋਧ ਅਤੇ ਮੰਡੀਆਂ ਚਾਲੂ ਰੱਖਣ ਲਈ ਅੱਜ ਐੱਸ ਡੀ ਐੱਮ ਪਾਇਲ਼ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਨੂੰ ਸੰਬੋਧਨ ਕਰਦੇ ਹੋਏ ਬੀ ਕੇ ਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਅਤੇ ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਨੇ ਆਪਣਾ ਕੋਟਾ ਪੂਰਾ ਕਰ ਲੈਣ ਦੇ ਬਹਾਨੇ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਜਦੋਂ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਬੋਲੀ ਦੀ ਉਡੀਕ ਵਿੱਚ ਲੱਖਾਂ ਟਨ ਝੋਨਾ ਪਿਆ ਹੈ ਅਤੇ 10% ਤੋਂ ਵੱਧ ਝੋਨਾ ਅਜੇ ਖੇਤਾਂ ਵਿੱਚ ਵੀ ਖੜ੍ਹਾ ਹੈ। ਜਦੋਂ ਕਿ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਰਹੀ ਹੈ ਕਿ ਝੋਨੇ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ।
ਇਸ ਖਰੀਦ ਦੇ ਬੰਦ ਹੋਣ ਨਾਲ ਕਿਸਾਨ, ਮਜ਼ਦੂਰਾਂ ਦੇ ਸਮੇਤ ਆੜਤੀ ਅਤੇ ਸ਼ੈਲਰ ਮਾਲਕ ਵੀ ਡੂੰਘੀ ਚਿੰਤਾ ਵਿੱਚ ਹਨ। ਇਸ ਸਮੇਂ ਜਸਵੀਰ ਸਿੰਘ ਢੀਂਡਸਾ , ਰਾਜਵੀਰ ਸਿੰਘ, ਪਰਮਜੀਤ ਸਿੰਘ ਦੁੱਗਰੀ, ਸੁਖਦੇਵ ਸਿੰਘ ਲਹਿਲ਼, ਰਾਜਵਰਿੰਦਰ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਅੰਮ੍ਰਿਤਜੋਤ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਲੰਢ੍ਹਾ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ ਪੰਧੇਰ ਖੇੜੀ, ਹਰਜਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਜੀਰੀ ਦੀ ਖਰੀਦ, ਕਿਸਾਨਾਂ ਦੀ ਫਸਲ ਦੀ ਅੰਤਿਮ ਢੇਰੀ ਤੱਕ ਮੁੜ ਚਾਲੂ ਰੱਖੀ ਜਾਵੇ। ਇਸ ਸਮੇਂ ਐੱਸ ਡੀ ਐੱਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਦਫ਼ਤਰ ਵਿੱਚ ਨਾ ਹੋਣ ਕਰਕੇ, ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸੁਪਰਡੈਂਟ ਸੁਖਵਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਣ ਵਾਲਾ ਮੰਗ ਪੱਤਰ ਪ੍ਰਾਪਤ ਕੀਤਾ।
- Download Babushahi App
-
-