BKU ਉਗਰਾਹਾਂ ਵੱਲੋਂ ਪਾਸ਼ ਮਾਮਲੇ ਵਿੱਚ ਸਰਪੰਚ ਖਿਲਾਫ ਕਾਰਵਾਈ ਲਈ ਧਰਨੇ 'ਚ ਸ਼ਾਮਲ ਹੋਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 7 ਅਕਤੂਬਰ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਊਲਾ ਬਠਿੰਡਾ ਵੱਲੋਂ ਕਿਸਾਨਾਂ ਮਜ਼ਦੂਰਾਂ ਬੁੱਧੀਜੀਵੀਆਂ ਕਲਾਕਾਰਾਂ ਰੰਗਕਰਮੀਆ ਜਮਹੂਰੀ ਹਿੱਸਿਆਂ ਵੱਲੋਂ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸ ਦੇ ਹਮਾਇਤੀਆਂ ਖਿਲਾਫ ਕਾਰਵਾਈ ਕਰਵਾਉਣ ਅਤੇ ਸ਼ਹੀਦੀ ਯਾਦਗਾਰ ਦਾ ਦਰਜਾ ਦਿਵਾਉਣ ਲਈ ਨਕੋਦਰ ਦੇ ਡੀਐਸਪੀ ਦੇ ਦਫਤਰ ਅੱਗੇ 9 ਅਕਤੂਬਰ ਨੂੰ ਲਾਏ ਜਾ ਰਹੇ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿ਼ਿਲ੍ਹ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ 8 ਸਤੰਬਰ ਨੂੰ ਸਿਆਸੀ ਸ਼ਹਿ 'ਤੇ ਭੂਤਰੇ ਹੋਏ ਸਰਪੰਚ ਨੇ ਯਾਦਗਾਰ ਕਮੇਟੀ ਦੇ ਆਗੂਆਂ ਤੇ ਹਮਲਾ ਕੀਤਾ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਗਾਲੀ ਗਲੋਚ ਦੇ ਨਾਲ ਨਾਲ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਸਨ। ਵੀਡੀਓ ਬਣਾ ਰਹੇ ਨੌਜਵਾਨ ਦਾ ਮੋਬਾਇਲ ਖੋਹ ਕੇ ਵੀਡੀਓ ਡਲੀਟ ਕਰ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਮੌਕੇ ਤੇ ਨਕੋਦਰ ਡੀਐਸਪੀ ਨੇ ਉਨ੍ਹਾਂ ਤੋਂ ਬਰਾਮਦ ਕਰਕੇ ਭਰੇ ਇਕੱਠ ਵਿੱਚ ਮੋੜਿਆ ਸਾਰੇ ਘਟਨਾ ਕਰਮ ਦੀ ਬਕਾਇਦਾ ਅਰਜੀ ਪੱਤਰ ਕੀਤਾ ਗਿਆ ਐਸਐਸਪੀ ਦੇ ਧਿਆਨ ਚ ਲਿਆਂਦਾ ਗਿਆ, ਡੀਐਸਪੀ ਨੂੰ ਕਿਹਾ ਗਿਆ। ਲੋਕਲ ਥਾਣੇ ਦੇ ਵਿੱਚ ਉਹਦੀ ਅਰਜੀ ਵੀ ਦਿੱਤੀ ਗਈ ਕਿ ਸਰਪੰਚ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ ,ਕਲਮਕਾਰ , ਜਮਹੂਰੀ ਹਿੱਸਿਆਂ ,ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਫੈਸਲਾ ਕੀਤਾ ਗਿਆ ਸੀ ਕਿ ਨੌ ਅਕਤੂਬਰ ਨੂੰ ਨਕੋਦਰ ਵਿਖੇ ਡੀਐਸਪੀ ਦਫਤਰ ਅੱਗੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਕਿਸਾਨ ਆਗੁਆਂ ਨੇ ਕਿਹਾ ਕਿ ਜੇ ਅੱਜ ਸਾਡੇ ਲੋਕ ਪੱਖੀ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਹੀ ਹਮਲੇ ਹੋਣ ਲੱਗ ਪਏ ਜਿਨਾਂ ਤੋਂ ਸਾਡੀ ਨਵੀਂ ਪੀੜੀ ਨੇ ਸੰਘਰਸ਼ਾਂ ਦੀ ਪ੍ਰੇਰਨਾ ਲੈਕੇ ਹੱਕੀ ਸੰਘਰਸ਼ ਲੜਨੇ ਹਨ,ਇਸ ਲਈ ਜਰੂਰੀ ਹੈ ਕਿ ਹਾਕਮਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਦੇ ਹੋਏ ਵੱਡੇ ਇਕੱਠ ਕਰਕੇ ਇਨ੍ਹਾਂ ਹਮਲਿਆਂ ਨੂੰ ਮੋੜਿਆ ਜਾ ਸਕੇ।