ਨਾਟਿਅਮ ਫੈਸਟੀਵਲ ਵਿੱਚ ‘ਏ ਫੇਅਰ ਅਫੇਅਰ’ ਨਾਟਕ ਨੇ ਵਿਆਹੁਤਾ ਰਿਸ਼ਤਿਆਂ ਦੀਆਂ ਉਲਝਣਾਂ ਦੇ ਕਰਵਾਇਆ ਰੂਬਰੂ
ਮੁੰਬਈ ਦੇ ਟ੍ਰਾਇਓਲੋਜੀ ਥੀਏਟਰ ਗਰੁੱਪ ਨੇ ਪੇਸ਼ ਕੀਤਾ ਸਮੀਰ ਗਰੁੜ ਦਾ ਨਾਟਕ
ਅਸ਼ੋਕ ਵਰਮਾ
ਬਠਿੰਡਾ, 07 ਅਕਤੂਬਰ 2026 ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 11ਵੀਂ ਰਾਤ ਮੁੰਬਈ ਦੇ ਟ੍ਰਾਇਓਲੋਜੀ ਥੀਏਟਰ ਗਰੁੱਪ ਵੱਲੋਂ ਸਮੀਰ ਗਰੁੜ ਵੱਲੋਂ ਲਿਖਿਆ ਅਤੇ ਪ੍ਰਦੀਪ ਸੋਢਾ ਵੱਲੋਂ ਨਿਰਦੇਸ਼ਿਤ ਨਾਟਕ ‘ਏ ਫੇਅਰ ਅਫੇਅਰ’ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਨਾਟਕ ਨੇ ਮਨੁੱਖੀ ਰਿਸ਼ਤਿਆਂ, ਖਿੱਚ, ਵਿਸ਼ਵਾਸ ਅਤੇ ਵਿਆਹੁਤਾ ਜੀਵਨ ਵਿੱਚ ਪੈਦਾ ਹੋਣ ਵਾਲੀਆਂ ਭਾਵਨਾਤਮਕ ਉਲਝਣਾਂ ਨੂੰ ਸਹਿਜ ਪਰ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਸਾਹਮਣੇ ਰੱਖਿਆ।ਨਾਟਕ ਦੀ ਕਹਾਣੀ ਅਜਿਹੇ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਬਾਹਰੋਂ ਆਮ ਦਿਖਾਈ ਦੇਣ ਵਾਲਾ ਵਿਆਹੁਤਾ ਜੀਵਨ ਅੰਦਰੋਂ ਭਾਵਨਾਤਮਕ ਖਾਲੀਪਣ ਅਤੇ ਅਸੰਤੁਸ਼ਟੀ ਨਾਲ ਜੂਝ ਰਿਹਾ ਹੁੰਦਾ ਹੈ। ਹਾਲਾਤ ਪਾਤਰਾਂ ਨੂੰ ਅਜਿਹੇ ਮੋੜ ’ਤੇ ਲੈ ਜਾਂਦੇ ਹਨ, ਜਿੱਥੇ ਖਿੱਚ ਅਤੇ ਜ਼ਿੰਮੇਵਾਰੀ, ਇੱਛਾ ਅਤੇ ਸਮਾਜਿਕ ਮਰਿਆਦਾ ਅਤੇ ਸੱਚ ਤੇ ਛੁਪਾਅ ਵਿਚਕਾਰ ਟਕਰਾਅ ਸ਼ੁਰੂ ਹੋ ਜਾਂਦਾ ਹੈ।
ਨਾਟਕ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਰਿਸ਼ਤਿਆਂ ਵਿੱਚ ਇਮਾਨਦਾਰੀ ਸਿਰਫ਼ ਸੱਚ ਬੋਲਣ ਤੱਕ ਸੀਮਤ ਹੈ ਜਾਂ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਵੀ ਇਸ ਦਾ ਹਿੱਸਾ ਹੈ। ਕਲਾਕਾਰਾਂ ਨੇ ਸੰਵਾਦਾਂ ਅਤੇ ਹਾਵ-ਭਾਵ ਰਾਹੀਂ ਪਾਤਰਾਂ ਦੀ ਮਨੋਦਸ਼ਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ। ਹਾਸੇ, ਵਿਅੰਗ ਅਤੇ ਗੰਭੀਰ ਭਾਵਨਾਤਮਕ ਦ੍ਰਿਸ਼ਾਂ ਦੇ ਸੰਤੁਲਿਤ ਮੇਲ ਨੇ ਪੇਸ਼ਕਾਰੀ ਨੂੰ ਦਰਸ਼ਕਾਂ ਨਾਲ ਜੋੜੀ ਰੱਖਿਆ।ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਗ੍ਰੀਨ ਸਿਟੀ ਗਰੁੱਪ ਦੇ ਐਮਡੀ ਡੀਪੀ ਗੋਇਲ, ਉਨ੍ਹਾਂ ਦੇ ਬੇਟੇ ਦੀਪਾਂਸ਼ੂ ਗੋਇਲ ਅਤੇ ਨੂੰਹ ਰਾਧਿਕਾ ਗੋਇਲ, ਡੀਸੀ ਰਾਜੇਸ਼ ਧੀਮਾਨ, ਐਸਐਸਪੀ ਸੁਹੇਲ ਕਾਸਿਮ ਮੀਰ, ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ’ਤੇ ਸ਼ਮਾਂ ਰੌਸ਼ਨ ਕਰਕੇ ਕੀਤਾ।
ਡੀਪੀ ਗੋਇਲ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਨਾਟਿਅਮ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਸ਼ਾਨਦਾਰ ਆਡੀਟੋਰੀਅਮ ਨਹੀਂ ਸੀ, ਉਸ ਵੇਲੇ ਵੀ ਉਹ ਓਪਨ ਏਅਰ ਥੀਏਟਰ ਵਿੱਚ ਜ਼ਮੀਨ ’ਤੇ ਬੈਠ ਕੇ ਨਾਟਕ ਦੇਖਿਆ ਕਰਦੇ ਸਨ। ਰੰਗਮੰਚ ਸਿਰਫ਼ ਮਨੋਰੰਜਨ ਨਹੀਂ, ਸਗੋਂ ਸਮਾਜ ਨੂੰ ਸੋਚਣ ਅਤੇ ਸਿੱਖਣ ਦਾ ਮੌਕਾ ਦੇਣ ਵਾਲੀ ਇੱਕ ਪ੍ਰਭਾਵਸ਼ਾਲੀ ਵਿਧਾ ਹੈ। ਲੋਕਾਂ ਨੂੰ ਇਸ ਦਾ ਭਰਪੂਰ ਆਨੰਦ ਲੈਣਾ ਚਾਹੀਦਾ ਹੈ।ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ, “ਥੀਏਟਰ ਸਨਮਾਨ ਚਾਹੁੰਦਾ ਹੈ ਅਤੇ ਦਰਸ਼ਕਾਂ ਦਾ ਸਨਮਾਨ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਰੰਗਮੰਚ ਹੁਣ ਤਰਸ ਦਾ ਪਾਤਰ ਨਹੀਂ ਰਿਹਾ, ਸਗੋਂ ਸਮੇਂ ਦੇ ਨਾਲ ਇਸ ਦਾ ਸਰੂਪ ਅਤੇ ਪ੍ਰਭਾਵ ਦੋਵੇਂ ਵਿਆਪਕ ਹੋਏ ਹਨ।”ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।