ਆਰਐਮਪੀਆਈ ਅਤੇ ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਲਈ ਰੋਸ ਮੁਜਾਹਰਾ
ਅਸ਼ੋਕ ਵਰਮਾ
ਨਥਾਣਾ, 8 ਅਕਤੂਬਰ 2026 :ਇੱਥੋਂ ਦੇ ਬੱਸ ਅੱਡੇ 'ਤੇ ਅਮੀਂ ਲਾਲ ਬਲਾਹੜ ਮਹਿਮਾ ਤੇ ਮਲਕੀਤ ਸਿੰਘ ਮਹਿਮਾ ਸਰਜਾ ਦੀ ਪ੍ਰਧਾਨਗੀ ਹੇਠ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤੇ ਸੀ.ਪੀ.ਆਈ.(ਐਮ.ਐਲ.) ਲਿਬ੍ਰੇਸ਼ਨ ਦੀ ਸਾਂਝੀ ਬਲਾਕ ਪੱਧਰੀ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਚਲਾਈ। ਇਸ ਮੌਕੇ ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਗੈਰ-ਕਾਨੂੰਨੀ ਐਸ.ਆਈ.ਆਰ. ਰਾਹੀਂ ਲੋਕ ਰਾਜੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਕੇ ਉਸਨੂੰ ਫੌਰੀ ਜੇਲ੍ਹ 'ਚ ਸੁੱਟੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਗਰੀਬਾਂ, ਘੱਟ ਗਿਣਤੀ ਵਸੋਂ, ਦਲਿਤਾਂ, ਔਰਤਾਂ ਤੇ ਹਾਸ਼ੀਆਗਤ ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨ ਦੀ ਆਰ.ਐਸ.ਐਸ. ਤੇ ਭਾਜਪਾ ਦੀ ਦਹਾਕਿਆਂ ਪੁਰਾਣੀ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਵੋਟ ਸੂਚੀਆਂ ਦੀ 'ਡੂੰਘਾਈ ਨਾਲ ਵਿਸ਼ੇਸ਼ ਸੁਧਾਈ' (ਐਸ.ਆਈ.ਆਰ.) ਵੀ ਪੰਜਾਬ ਸਮੇਤ ਸਾਰੇ ਦੇਸ਼ 'ਚ ਫੌਰੀ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ। ਸਾਥੀ ਮਹੀਪਾਲ ਨੇ ਐਲਾਨ ਕੀਤਾ ਹੈ ਕਿ ਐਸ.ਆਈ.ਆਰ. ਤਹਿਤ ਕੱਟੀਆਂ 13 ਕਰੋੜ ਤੋਂ ਵੱਧ ਵੋਟਾਂ ਬਹਾਲ ਕੀਤੇ ਜਾਣ, ਐਸ.ਆਈ.ਆਰ. ਤੋਂ ਪਿੱਛੋਂ ਹੋਈਆਂ ਸਾਰੀਆਂ ਚੋਣਾਂ ਰੱਦ ਕੀਤੇ ਜਾਣ ਤੇ ਅੱਗੇ ਤੋਂ ਹਰ ਪੱਧਰ ਦੀਆਂ ਵੋਟਾਂ ਈ.ਵੀ.ਐਮ. ਦੀ ਥਾਂ ਬੈਲਟ ਪੇਪਰ ਨਾਲ ਪਵਾਏ ਜਾਣ ਲਈ ਦੇਸ਼ ਭਰ 'ਚ ਜਾਰੀ ਜ਼ੋਰਦਾਰ ਸੰਘਰਸ਼ ਆਉਂਦੇ ਦਿਨਾਂ 'ਚ ਹੋਰ ਪ੍ਰਚੰਡ ਕੀਤਾ ਜਾਵੇਗਾ।
ਕਮਿਊਨਿਸਟ ਆਗੂ ਨੇ ਦੋਸ਼ ਲਾਇਆ ਹੈ ਕਿ ਸੀ.ਈ.ਸੀ. ਗਿਆਨੇਸ਼ ਕੁਮਾਰ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਨ ਦੀ ਥਾਂ ਆਰ.ਐਸ.ਐਸ. ਦੀ ਹੱਥਠੋਕਾ ਮੋਦੀ ਸਰਕਾਰ ਦੇ ਜ਼ਰ ਖ੍ਰੀਦ ਗੁਲਾਮ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀ ਚੋਣ ਪ੍ਰਣਾਲੀ ਨੂੰ ਅਪੰਗ ਬਣਾਉਣ ਦੇ ਅਸਲ ਦੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਨੈਤਿਕ ਹੱਕ ਗਵਾ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਫੌਰੀ ਅਸਤੀਫਾ ਦੇ ਦੇਣਾ ਚਾਹੀਦਾ ਹੈ।ਸਾਥੀ ਮਹੀਪਾਲ ਨੇ ਉਪ੍ਰੋਕਤ ਮੰਗਾਂ ਦੀ ਪ੍ਰਾਪਤੀ ਲਈ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਸੰਵਿਧਾਨਕ ਦਾਇਰੇ 'ਚ ਸ਼ਾਂਤਮਈ ਘੋਲ ਲੜ ਰਹੈ ਲੋਕਾਂ, ਖਾਸ ਕਰਕੇ ਨੌਜਵਾਨ ਕੁੜੀਆਂ 'ਤੇ ਅਮਿਤ ਸ਼ਾਹ ਦੇ ਹੁਕਮਾਂ ਦੀ ਬੱਧੀ ਦਿੱਲੀ ਪੁਲਸ ਵਲੋਂ ਅਮਾਨਵੀ ਜਬਰ ਢਾਹੇ ਜਾਣ ਦੀ ਵੀ ਕਰੜੀ ਨਿਖੇਧੀ ਕੀਤੀ ਹੈ।ਮੀਟਿੰਗ ਦੀ ਸਮਾਪਤੀ ਤੋਂ ਪਿੱਛੋਂ ਮੋਦੀ-ਸ਼ਾਹ ਦੇ ਅਸਤੀਫੇ ਅਤੇ ਸੀਈਸੀ ਗਿਆਨੇਸ਼ ਕੁਮਾਰ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਦੀ ਮੰਗ ਲਈ ਕਸਬੇ 'ਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਸਬ ਤਹਿਸੀਲ ਮੂਹਰੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ।