ਸਰਕਾਰੀ ਕਾਲਜ ਰੂਪਨਗਰ ਵਿਖੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ
ਮਨਪ੍ਰੀਤ ਸਿੰਘ
ਰੂਪਨਗਰ, 7 ਅਕਤੂਬਰ:
ਸਰਕਾਰੀ ਕਾਲਜ ਰੂਪਨਗਰ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪ੍ਰਿੰਸੀਪਲ ਗੁਨਜੀਤ ਕੌਰ ਦੀ ਅਗਵਾਈ ਅਤੇ ਰਹਿਨੁਮਾਈ ਹੇਠ ‘ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ’ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਾਨਸਿਕ ਸਿਹਤ ਸਲਾਹਕਾਰ ਸਿਵਲ ਹਸਪਤਾਲ ਰੂਪਨਗਰ ਮੈਡਮ ਪ੍ਰਭਜੋਤ ਕੌਰ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ।
ਸੈਮੀਨਾਰ ਦੀ ਸ਼ੁਰੂਆਤ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਦਪਿੰਦਰ ਸਿੰਘ ਵੱਲੋਂ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਨੂੰ ਘਟਾਉਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਸਕਾਰਾਤਮਕ ਸੋਚ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਦੱਸਿਆ।
ਮੁੱਖ ਬੁਲਾਰੇ ਮੈਡਮ ਪ੍ਰਭਜੋਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਵਿਦਿਆਰਥੀ ਅਕਾਦਮਿਕ ਦਬਾਅ, ਸਮਾਜਿਕ ਮੀਡੀਆ ਦੇ ਪ੍ਰਭਾਵ ਅਤੇ ਭਵਿੱਖ ਸਬੰਧੀ ਚਿੰਤਾ ਕਾਰਨ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਜੋ ਮਾਨਸਿਕ ਤਣਾਅ ਦਾ ਇੱਕ ਮਹੱਤਵਪੂਰਨ ਕਾਰਨ ਬਣ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਨੀਂਦ ਦੀ ਘਾਟ, ਇਕਾਗਰਤਾ ਦੀ ਕਮੀ ਅਤੇ ਪਰਿਵਾਰਕ ਮੈਂਬਰਾਂ ਨਾਲ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ ਘਟ ਰਹੀ ਪ੍ਰਵਿਰਤੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੇਸ਼ਕਾਰੀ ਰਾਹੀਂ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।
ਇਸ ਦੌਰਾਨ ਉਨ੍ਹਾਂ ਨੇ ਮਾਨਸਿਕ ਸਿਹਤ ਨਾਲ ਸਬੰਧਤ ਪੰਜ ‘ਆਰ’—ਰੈਸਟ, ਰੈਕੋਗਨਾਈਜ਼, ਰੀਸੈਟ, ਰੀਚ ਆਊਟ ਅਤੇ ਰੀਸਟਾਰਟ—ਦੀ ਮਹੱਤਤਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮਾਨਸਿਕ ਤਣਾਅ ਨੂੰ ਸਮੇਂ ਸਿਰ ਪਛਾਣਨਾ, ਲੋੜੀਂਦਾ ਆਰਾਮ ਕਰਨਾ, ਆਪਣੇ ਆਪ ਨੂੰ ਮੁੜ ਸੰਤੁਲਿਤ ਕਰਨਾ, ਲੋੜ ਪੈਣ ’ਤੇ ਦੂਜਿਆਂ ਤੋਂ ਸਹਾਇਤਾ ਲੈਣਾ ਅਤੇ ਨਵੀਂ ਊਰਜਾ ਨਾਲ ਜੀਵਨ ਦੀ ਸ਼ੁਰੂਆਤ ਕਰਨਾ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੁੰਦਾ ਹੈ।
ਸੈਮੀਨਾਰ ਦੇ ਸਫਲ ਆਯੋਜਨ ਲਈ ਪ੍ਰੋਗਰਾਮ ਦੀ ਕਨਵੀਨਰ ਪ੍ਰੋਫੈਸਰ ਉਪਦੇਸ਼ਦੀਪ ਕੌਰ ਨੇ ਆਈ ਕਿਊਏਸੀ ਦੇ ਕਨਵੀਨਰ ਪ੍ਰੋਫੈਸਰ ਅਰਵਿੰਦਰ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਹਰਜੀਤ ਸਿੰਘ, ਪ੍ਰੋਫੈਸਰ ਅਜੇ ਕੁਮਾਰ, ਪ੍ਰੋਫੈਸਰ ਕੁਲਦੀਪ ਕੌਰ, ਪ੍ਰੋਫੈਸਰ ਮਨਦੀਪ ਕੌਰ (ਕੰਪਿਊਟਰ ਸਾਇੰਸ), ਪ੍ਰੋਫੈਸਰ ਮਨਪ੍ਰੀਤ ਕੌਰ (ਕੰਪਿਊਟਰ ਸਾਇੰਸ), ਪ੍ਰੋਫੈਸਰ ਮਨਦੀਪ ਕੌਰ (ਪੰਜਾਬੀ) ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋਫੈਸਰ ਉਪਦੇਸ਼ਦੀਪ ਕੌਰ ਵੱਲੋਂ ਬਾਖੂਬੀ ਕੀਤਾ ਗਿਆ।