ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਜਗਰਾਉਂ ਵੱਲੋਂ ਚਾਰ ਰੋਜ਼ਾ ਯੋਗਾ ਕੈਂਪ
ਜਗਰਾਓ(ਦੀਪਕ ਜੈਨ)
ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਜਗਰਾਉਂ ਵੱਲੋਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਦਿਨਾਂ ਲਈ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿੱਚ ਲੁਧਿਆਣਾ ਦੇ ਬਹੁਤ ਹੀ ਮਾਣਯੋਗ ਯੋਗਾ ਅਧਿਆਪਕ ਚਾਂਦਨੀ ਗਾਬਾ, ਪੂਨਮ ਅਨੇਜਾ, ਅਤੇ ਤਰੁਨ ਬੇਦੀ ਵੱਲੋਂ ਇਸ ਕੈਂਪ ਵਿੱਚ ਕਲਾਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਸ਼ਰਮਾਂ ਵੱਲੋਂ ਮਾਪਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੇ ਰੋਜ਼ਾਨਾ ਜੀਵਨ ਵਿੱਚ ਯੋਗਾ ਅਤੇ ਖੇਡਾਂ ਲਈ ਜ਼ਰੂਰ ਸਮਾਂ ਕੱਢਣ। ਮਾਪੇ ਬੱਚਿਆਂ ਨੂੰ ਮੋਬਾਈਲ ਫੋਨ ਅਤੇ ਸਕਰੀਨ ਦੀ ਬੇਲੋੜੀ ਵਰਤੋਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ, ਯੋਗਾ, ਕਸਰਤ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ। ਮਾਪੇ ਖੁਦ ਵੀ ਬੱਚਿਆਂ ਦੇ ਨਾਲ ਯੋਗਾ ਅਤੇ ਕਸਰਤ ਕਰਨ ਤਾਂ ਜੋ ਬੱਚਿਆਂ ਵਿੱਚ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਭਾਵਨਾ ਹੋਰ ਮਜ਼ਬੂਤ ਹੋਵੇ।
ਸਕੂਲ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਣ ਵੱਲ ਧਿਆਨ ਦਿੱਤਾ ਜਾਵੇ। ਮੋਬਾਈਲ ਦੀ ਵਧਦੀ ਆਦਤ ਦੀ ਥਾਂ ਬੱਚਿਆਂ ਨੂੰ ਮੈਦਾਨ, ਖੇਡਾਂ ਅਤੇ ਯੋਗਾ ਨਾਲ ਜੋੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
ਯੋਗਾ ਸਿਰਫ਼ ਬੱਚਿਆਂ ਲਈ ਹੀ ਨਹੀਂ, ਸਗੋਂ ਹਰ ਉਮਰ ਵਰਗ ਦੇ ਵਿਅਕਤੀ ਲਈ ਲਾਭਦਾਇਕ ਹੈ। ਨਿਯਮਿਤ ਯੋਗਾ ਸਰੀਰ ਨੂੰ ਤੰਦਰੁਸਤ ਰੱਖਣ, ਮਨ ਨੂੰ ਸ਼ਾਂਤ ਕਰਨ, ਇਕਾਗਰਤਾ ਵਧਾਉਣ ਅਤੇ ਤਣਾਅ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਇਸ ਲਈ ਹਰ ਪਰਿਵਾਰ ਨੂੰ ਯੋਗਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਯਤਨ ਕਰਨਾ ਚਾਹੀਦਾ ਹੈ।
“ਬੱਚਿਆਂ ਨੂੰ ਮੋਬਾਈਲ ਦੀ ਸਕਰੀਨ ਤੋਂ ਦੂਰ ਕਰਕੇ ਯੋਗਾ ਅਤੇ ਖੇਡਾਂ ਦੇ ਮੈਦਾਨ ਨਾਲ ਜੋੜੋ। ਅੱਜ ਦੀ ਸਿਹਤਮੰਦ ਆਦਤ ਹੀ ਕੱਲ੍ਹ ਦੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦੀ ਨੀਂਹ ਹੈ।”