ਪੁਰਸਕਾਰ ਤੋਂ ਲੰਮੀ ਉਡੀਕ-
ਡਾ. ਅਮਰਜੀਤ ਟਾਂਡਾ
(ਸਵ : ਸ੍ਰੀ ਕੇ ਐਲ ਗਰਗ ਜੀ ਨੂੰ ਸ਼ਬਦ ਸ਼ਰਧਾਂਜਲੀ)
ਉਸ ਦੇ ਨਾਮ ਦਾ
ਪੁਰਸਕਾਰ ਐਲਾਨਿਆ ਗਿਆ—
ਪਰ ਉਸ ਤੱਕ ਪਹੁੰਚਣ ਵਾਲਾ ਰਸਤਾ
ਉਮਰ ਤੋਂ ਵੀ ਲੰਮਾ ਨਿਕਲਿਆ
ਕਾਗਜ਼ ਉੱਤੇ ਨਾਮ ਚਮਕਦਾ ਰਿਹਾ,
ਘਰ ਵਿੱਚ ਅੱਖਾਂ ਦਰਵਾਜ਼ੇ ਵੱਲ ਟਿਕੀਆਂ ਰਹੀਆਂ
ਹਰ ਤਾਰੀਖ
ਕੈਲੰਡਰ ’ਤੇ ਨਹੀਂ,
ਧੜਕਣ ’ਤੇ ਲਿਖੀ ਜਾਂਦੀ ਸੀ
ਅਗਲੀ ਤਾਰੀਖ,
ਫਿਰ ਅਗਲੀ—
ਜਿਵੇਂ ਕਾਗਜ਼ ਦੀ ਕਿਸ਼ਤੀ ਵਿੱਚ
ਇੱਕ ਬਜ਼ੁਰਗ ਲੇਖਕ ਦੀ ਉਮਰ
ਸਮੇਂ ਦੇ ਪਾਣੀ ਵਿੱਚ ਛੱਡ ਦਿੱਤੀ ਹੋਵੇ
ਉਸ ਨੇ ਕਿਤਾਬਾਂ ਲਿਖੀਆਂ,
ਉਨ੍ਹਾਂ ਨੇ ਫ਼ਾਈਲਾਂ।
ਉਸ ਨੇ ਸ਼ਬਦਾਂ ਨੂੰ ਜੀਵਨ ਦਿੱਤਾ,
ਉਨ੍ਹਾਂ ਨੇ ਜੀਵਨ ਨੂੰ ਤਾਰੀਖ
ਨਾਮ ਐਲਾਨ ਵਿੱਚ ਆ ਗਿਆ,
ਸਨਮਾਨ ਹੱਥਾਂ ਤੱਕ ਨਾ ਪਹੁੰਚਿਆ
ਕਈ ਵਾਰ ਮੌਤ
ਸਰਕਾਰੀ ਫ਼ਾਈਲ ਨਾਲੋਂ
ਤੇਜ਼ ਚੱਲਦੀ ਹੈ
ਅੱਜ ਉਹ ਚਲਾ ਗਿਆ ਹੈ
ਹੁਣ ਕੋਈ ਤਾਰੀਖ
ਉਸ ਨੂੰ ਨਹੀਂ ਬੁਲਾਏਗੀ,
ਕੋਈ ਅਧਿਕਾਰੀ
ਦੇਰ ਨਾਲ ਦਰਵਾਜ਼ੇ ’ਤੇ ਨਹੀਂ ਆਵੇਗਾ
ਉਸ ਦੀ ਉਡੀਕ
ਮਿੱਟੀ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ
ਪਰ ਆਖ਼ਰੀ ਸਾਹ ਤੱਕ
ਉਸ ਦੀਆਂ ਅੱਖਾਂ ਵਿੱਚ ਸਵਾਲ ਜਿਉਂਦਾ ਰਿਹਾ:
“ਐਲਾਨ ਤੋਂ ਬਾਅਦ
ਇੰਨੀ ਲੰਮੀ ਉਡੀਕ
ਲੇਖਕ ਦੀ ਹੁੰਦੀ ਹੈ
ਜਾਂ ਪ੍ਰਬੰਧ ਦੀ?”
ਅੱਜ ਤਸਵੀਰ ਉੱਤੇ ਫੁੱਲ ਰੱਖੇ ਜਾਣਗੇ—
ਸ਼ਾਇਦ ਉਹੀ ਹੱਥ ਵੀ,
ਜਿਨ੍ਹਾਂ ਦੀਆਂ ਫ਼ਾਈਲਾਂ ਵਿੱਚ
ਉਸ ਦੀ ਉਡੀਕ ਪਈ ਰਹੀ
ਫੁੱਲਾਂ ਦੀ ਖੁਸ਼ਬੂ ਵਿੱਚੋਂ
ਫਿਰ ਪੁੱਛਿਆ ਜਾਵੇਗਾ:
“ਕੀ ਕਿਸੇ ਲੇਖਕ ਨੂੰ ਸਨਮਾਨ ਦੇਣ ਲਈ
ਉਸ ਦੀ ਜ਼ਿੰਦਗੀ ਖ਼ਤਮ ਹੋਣੀ ਲਾਜ਼ਮੀ ਹੈ?”
ਗਰਗ ਸਾਹਿਬ,
ਤੁਸੀਂ ਚਲੇ ਗਏ—
ਪਰ ਤੁਹਾਡਾ ਪੁਰਸਕਾਰ
ਅਜੇ ਵੀ ਰਾਹ ਵਿੱਚ ਹੈ
ਤੁਹਾਡਾ ਨਾਮ
ਹੁਣ ਸ਼ੋਕ-ਸਭਾਵਾਂ ਵਿੱਚ ਪੜ੍ਹਿਆ ਜਾਵੇਗਾ,
ਤੁਹਾਡਾ ਹੱਕ
ਅਜੇ ਵੀ ਕਿਸੇ ਮੇਜ਼ ’ਤੇ
ਦਸਤਖ਼ਤ ਦੀ ਉਡੀਕ ਕਰੇਗਾ
ਜਿਨ੍ਹਾਂ ਹੱਥਾਂ ਨੇ
ਤੁਹਾਡੀ ਰਚਨਾ ਨੂੰ ਸਲਾਮ ਕੀਤਾ,
ਉਹੀ ਹੱਥ
ਤੁਹਾਡਾ ਸਨਮਾਨ
ਜੀਉਂਦੇ ਜੀ ਦੇਣ ਤੋਂ ਰਹਿ ਗਏ
ਇਹ ਸਿਰਫ਼ ਇੱਕ ਲੇਖਕ ਦੀ ਮੌਤ ਨਹੀਂ—
ਇਹ ਪ੍ਰਬੰਧ ਦੀ ਉਹ ਦੇਰੀ ਹੈ
ਜੋ ਪਹਿਲਾਂ ਹੱਕ ਰੋਕਦੀ ਹੈ,
ਫਿਰ ਸ਼ਰਧਾਂਜਲੀ ਦੇ ਕੇ
ਆਪਣੀ ਜ਼ਿੰਮੇਵਾਰੀ ਦਫ਼ਨ ਕਰ ਦਿੰਦੀ ਹੈ
ਅਸੀਂ ਉਡੀਕ ਵਿੱਚ ਹਾਂ—
ਕਿਸੇ ਹੋਰ ਗਰਗ ਦੇ ਜੀਉਂਦੇ ਜੀ
ਉਸ ਦੇ ਹੱਥ ਵਿੱਚ
ਉਸ ਦਾ ਹੱਕ ਰੱਖੇ ਜਾਣ ਦੀ
ਕਿਉਂਕਿ ਮਰਨ ਮਗਰੋਂ ਮਿਲਿਆ ਸਨਮਾਨ
ਸਨਮਾਨ ਨਹੀਂ ਹੁੰਦਾ—
ਉਹ ਪ੍ਰਬੰਧ ਦੀ ਦੇਰ ਨਾਲ ਆਈ
ਆਪਣੇ ਹੀ ਦੋਸ਼ ਦੀ ਪਰਚੀ ਹੁੰਦੀ ਹੈ
ਤੁਹਾਡੀ ਚਿਤਾ ਦੀ ਅੱਗ
ਸ਼ਾਇਦ ਠੰਢੀ ਹੋ ਜਾਵੇ,
ਪਰ ਤੁਹਾਡੇ ਅਧੂਰੇ ਹੱਕ ਦੀ ਰਾਖ ਵਿੱਚੋਂ
ਇਹ ਸਵਾਲ
ਧੂੰਆਂ ਬਣ ਕੇ ਉੱਠਦਾ ਰਹੇਗਾ:
ਜਦੋਂ ਲੇਖਕ ਜੀਉਂਦਾ ਸੀ,
ਤਾਂ ਉਸ ਦਾ ਸਨਮਾਨ
ਕਿਸ ਦੀ ਫ਼ਾਈਲ ਵਿੱਚ ਮਰਿਆ ਪਿਆ ਸੀ?
ਸੰਪਰਕ+61 412913021

-
ਡਾ. ਅਮਰਜੀਤ ਟਾਂਡਾ, ਲੇਖਕ
...
....
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.