ਸੰਗਰੂਰ: ਨਹਿਰ ’ਚ 40-50 ਫੁੱਟ ਦਾ ਪਾੜ, ਕਈ ਏਕੜ ਫ਼ਸਲ ਡੁੱਬੀ
Babushahi Network
ਸੰਗਰੂਰ/ਚੰਡੀਗੜ੍ਹ, 1 ਅਕਤੂਬਰ 2026- ਸੰਗਰੂਰ ਜ਼ਿਲ੍ਹੇ ਦੇ ਅਧੀਨ ਆਉਂਦੇ ਨੀਲੋਵਾਲ ਤੋਂ ਉਗਰਾਹਾਂ ਨੇੜੇ ਨਹਿਰ ਵਿੱਚ ਵੱਡਾ ਪਾੜ ਪੈਣ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ਕਈ ਫੁੱਟ ਤੱਕ ਪਾਣੀ ਭਰ ਗਿਆ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪੱਕਣ ਕਿਨਾਰੇ ਖੜ੍ਹੀ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ 50 ਏਕੜ ਤੋਂ ਵੱਧ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ।
ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਰੇਤ ਦੀਆਂ ਬੋਰੀਆਂ ਲਗਾ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਤੇਜ਼ ਵਹਾਅ ਕਾਰਨ ਨਹਿਰ ਕੰਢੇ ਲੱਗਾ ਇੱਕ ਦਰੱਖਤ ਵੀ ਜੜ੍ਹੋਂ ਉਖੜ ਗਿਆ। ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿੱਚ ਕਰੀਬ 40 ਤੋਂ 50 ਫੁੱਟ ਲੰਬਾ ਪਾੜ ਪਿਆ ਹੈ।
ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਵਿੱਚ ਜੁਟੇ ਹੋਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਇਸ ਨਹਿਰ ਵਿੱਚ ਪਾੜ ਪਿਆ ਸੀ। ਉਨ੍ਹਾਂ ਨਹਿਰ ਦੀ ਮੁਰੰਮਤ ਅਤੇ ਸਥਾਈ ਹੱਲ ਦੀ ਲੋੜ ’ਤੇ ਸਵਾਲ ਉਠਾਏ ਹਨ। ਕਿਸਾਨਾਂ ਨੂੰ ਡਰ ਹੈ ਕਿ ਖੇਤਾਂ ਵਿੱਚ ਲੰਬੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਨਾਲ ਉਨ੍ਹਾਂ ਦੀ ਪੱਕੀ ਫਸਲ ਬਰਬਾਦ ਹੋ ਸਕਦੀ ਹੈ।
- Download Babushahi App
-
-