ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਸੰਗਰੂਰ ਮਹਾਂ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,30 ਸਤੰਬਰ 2026 : "ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵੱਲੋਂ ਪੰਜਾਬ ਸਰਕਾਰ ਖਿਲਾਫ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਸਬੰਧੀ ਤਿਆਰੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ, ਤੇ ਪਸਸਫ ਆਗੂ ਕਿਸ਼ੋਰ ਚੰਦ ਗਾਜ ਨੇ ਦੱਸਿਆ ਕਿ 10 ਅਕਤੂਬਰ ਦੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੇ ਬਕਾਏ ਸਬੰਧੀ ਜੋ 8% ਮਹਿੰਗਾਈ ਭੱਤਾ ਵਧਾਉਣ ਦਾ ਪੱਤਰ ਜਾਰੀ ਕੀਤਾ ਗਿਆ ਹੈ, ਉਸ ਨੂੰ ਸਰਕਾਰ ਕੇਂਦਰ ਨਾਲੋਂ ਡੀ-ਲਿੰਕ ਕਰਨ ਦੀ ਸਾਜਿਸ਼ ਕਰਾਰ ਦਿੱਤਾ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਸੁਧਾਈ 2.59 ਗੁਣਾਂਕ ਨਾਲ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ,ਵਿਭਾਗਾਂ ਅੰਦਰ ਪਈਆਂ ਖਾਲੀ ਅਸਾਮੀਆਂ ਪੂਰੀਆਂ ਤਨਖਾਹਾਂ ਰਾਹੀਂ ਭਰਨ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਵਿਭਾਗਾਂ ਅੰਦਰ ਪੱਕੇ ਕਰਨਾਂ ਅਤੇ ਰੈਗੂਲਰ ਕੀਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਰੈਗੂਲਰ ਕਰਨ ਸਬੰਧੀ 16.5.2023 ਦੀ ਪੌਲਸੀ ਵਿੱਚ ਲੁੜੀਦੀਆਂ ਸੋਧਾਂ ਕਰਨਾਂ, ਮਾਣ ਭੱਤਾ/ ਇਨਸੈਂਟਿਵ ਤੇ ਕੰਮ ਕਰਦੇ ਮਿਡ ਡੇ ਮੀਲ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਸਫਾਈ ਕਰਮੀਆਂ ਚੋਕੀਦਾਰ ਤੇ ਸੇਵਾਦਾਰ ਆਦਿ ਨੂੰ ਘੱਟੋ ਘੱਟ ਉਜਰਤ ਦੇ ਵਿੱਚ ਲਿਆਉਣ, ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲ ਰੱਦ ਕਰਾਉਣ ਸਬੰਧੀ 17.07.2020 ਅਤੇ ਅਤੇ ਤਿੰਨ ਸਾਲ ਪ੍ਰਵੇਸ਼ਨਲ ਪੀਰੀਅਡ ਤੇ ਮੁਢਲੀ ਤਨਖਾਹ ਦੇਣ ਸਬੰਧੀ 15.01.2015 ਅਤੇ 07.09.2016 ਦਾ ਪੱਤਰ ਰੱਦ ਕਰਵਾਉਣ, ਪੇਂਡੂ ਭੱਤੇ ਸਮੇਤ ਸਮੁੱਚੇ ਬੰਦ ਕੀਤੇ ਭੱਤੇ ਸੋਧ ਕੇ ਲਾਗੂ ਕਰਵਾਉਣ, ਆਦਿ ਮੰਗਾਂ ਦੀ ਪ੍ਰਾਪਤੀ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਸਬੰਧੀ ਤਿਆਰੀ ਕੀਤੀ ਗਈ। ਆਗੂਆਂ ਆਖਿਆ ਕਿ ਜੇਕਰ ਮੁੱਖ ਮੰਤਰੀ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਅਕਤੂਬਰ ਦੇ ਪਹਿਲੇ ਹਫਤੇ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਕੇ ਉਕਤ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਤਾਂ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 07 ਅਗਸਤ ਨੂੰ ਕੀਤੀ ਗਈ ਚੰਡੀਗੜ੍ਹ ਰੈਲੀ ਦਾ ਆਪਣਾ ਰਿਕਾਰਡ ਹੀ ਤੋੜੇਗੀ। ਮੀਟਿੰਗ ਵਿੱਚ ਹਾਜ਼ਰ ਆਗੂਆਂ ਸੁਖਚੈਨ ਸਿੰਘ ਬਠਿੰਡਾ,ਜਸਪਾਲ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ ਜਗਲਾਤ, ਬਲਦੇਵ ਸਿੰਘ ਜੀਟੀਯੂ, ਦਰਸ਼ਨ ਸ਼ਰਮਾ,ਹੰਸ ਰਾਜ ਬੀਜਵਾ, ਗੁਰਜੰਟ ਸਿੰਘ ਮਾਨ,ਰਣਜੀਤ ਸਿੰਘ ਸਿੱਧੂ,ਗੁਰਮੀਤ ਸਿੰਘ ਭੋਡੀਪੁਰਾ, ਕੁਲਵੰਤ ਸਿੰਘ ਬੁਰਜ ਥਰੋੜ,ਲਖਬੀਰ ਭਾਗੀਵਾਂਦਰ, ਬਲਜਿੰਦਰ ਸਿੰਘ ਚੁੱਘੇ, ਧਰਮ ਸਿੰਘ ਕੋਠਾ ਗੁਰੂ ,ਬਲਵਿੰਦਰ ਸਿੰਘ ਜਗਾਰਾਮ, ਪਰਮ ਚੰਦ ਬਠਿੰਡਾ, ਬਲਵੀਰ ਸਿੰਘ ਭੱਟੀ,ਪੂਰਨ ਸਿੰਘ, ਗੁਰਚਰਨ ਜੋੜਕੀਆਂ,ਆਗੂਆਂ ਨੇ ਕਿਹਾ ਕਿ ਉਕਤ ਐਕਸ਼ਨਾ ਦੀ ਤਿਆਰੀ ਲਈ 01 ਅਕਤੂਬਰ ਨੂੰ ਠੀਕ 3 ਵਜੇ ਸਾਂਝੇ ਫਰੰਟ ਤੇ ਮੁਲਾਜ਼ਮ ਮੰਚ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਜਾਵੇਗੀ।