ਮੇਰੀ ਮਾਂ ਐਨ.ਜੀ.ਓ. ਵੱਲੋਂ ਬਟਾਲਾ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ
75 ਮਰੀਜ਼ਾਂ ਦੇ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ; ਖੂਨਦਾਨ ਕੈਂਪ ਦੌਰਾਨ 20 ਯੂਨਿਟ ਖੂਨਦਾਨ
ਰੋਹਿਤ ਗੁਪਤਾ
ਬਟਾਲਾ 29 ਸਤੰਬਰ: ਬਟਾਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਮੇਰੀ ਮਾਂ ਐਨ.ਜੀ.ਓ. ਵੱਲੋਂ ਮਰਹੂਮ ਸੀਮਾ ਮਹਿਤਾ ਦੀ ਯਾਦ ਵਿੱਚ ਬਟਾਲਾ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸ਼ੰਕਰਾ ਹਸਪਤਾਲ, ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਵੰਡੀਆਂ ਗਈਆਂ।
ਕੈਂਪ ਦੌਰਾਨ ਅੱਖਾਂ ਦੇ ਆਪ੍ਰੇਸ਼ਨ ਲਈ 75 ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ ਸ਼ੰਕਰਾ ਹਸਪਤਾਲ, ਲੁਧਿਆਣਾ ਵਿਖੇ ਲਿਜਾ ਕੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਵੱਲੋਂ 20 ਯੂਨਿਟ ਖੂਨਦਾਨ ਕੀਤਾ ਗਿਆ। ਮੇਰੀ ਮਾਂ ਐਨ.ਜੀ.ਓ. ਵੱਲੋਂ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਅਤੇ ਸੰਗਤ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਕੈਂਪ ਦੌਰਾਨ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕਾਂਗਰਸ ਪਾਰਟੀ ਦੇ ਆਗੂ ਸ੍ਰੀ ਅਮਨਦੀਪ ਜੈਤੀਪੁਰ, ਸ੍ਰੀ ਗੌਤਮ ਸੇਠ ਗੁੱਡੂ, ਭਾਜਪਾ ਆਗੂ ਸ੍ਰੀ ਹਰਸਿਮਰਤ ਸਿੰਘ ਹੀਰਾ ਵਾਲੀਆ, ਚੇਅਰਮੈਨ ਸ੍ਰੀ ਮਾਣਕ ਮਹਿਤਾ ਅਤੇ ਸ੍ਰੀ ਅੰਮ੍ਰਿਤ ਕਲਸੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਮੇਰੀ ਮਾਂ ਐਨ.ਜੀ.ਓ. ਦੇ ਮੁੱਖ ਸੰਚਾਲਕ ਸ੍ਰੀ ਵਿਕਾਸ ਮਹਿਤਾ ਨੇ ਦੱਸਿਆ ਕਿ ਇਹ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਉਨ੍ਹਾਂ ਵੱਲੋਂ ਆਪਣੀ ਮਾਤਾ ਮਰਹੂਮ ਸੀਮਾ ਮਹਿਤਾ ਦੀ ਯਾਦ ਵਿੱਚ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ’ਤੇ ਅਜਿਹੇ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੇਰੀ ਮਾਂ ਐਨ.ਜੀ.ਓ. ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਸੰਸਥਾ ਹਮੇਸ਼ਾ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ।
ਸ੍ਰੀ ਵਿਕਾਸ ਮਹਿਤਾ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਅਤੇ ਸੇਵਾ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਇਸ ਮੌਕੇ ਸ੍ਰੀ ਵਿਕਾਸ ਮਹਿਤਾ, ਸ੍ਰੀ ਬਲਵਿੰਦਰ ਕੁਮਾਰ ਮਹਿਤਾ, ਸ੍ਰੀ ਮਾਨਵ ਸ਼ਰਮਾ, ਰਿਦਮ, ਕੇਸ਼ਵ, ਅੰਕੁਸ਼, ਅਨੁਰਾਗ, ਗਿੰਨੀ ਜਾਂਡੂ, ਸੋਡੀਨੀ, ਪੁਨੀਤ ਸਮੇਤ ਹੋਰ ਪਤਵੰਤੇ ਅਤੇ ਸੰਸਥਾ ਦੇ ਮੈਂਬਰ ਹਾਜ਼ਰ ਸਨ।