ਸਰਕਾਰੀ ਹਸਪਤਾਲਾਂ 'ਚ ਰੇਬੀਜ਼ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਦੀ ਸੁਵਿਧਾ ਉਪਲੱਬਧ: ਡਾ. ਵਿਸ਼ਾਲਵੀਰ ਸਿੰਘ
Ravi Jakhu
ਧਨੌਲਾ:- 29 ਸਤੰਬਰ,2026
: ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਵਿੱਚ ਸੀ.ਐੱਚ.ਸੀ ਧਨੌਲਾ ਵਿਖੇ ਵਿਸ਼ਵ ਰੇਬੀਜ਼ ਹਫ਼ਤੇ ਦੇ ਸਿਲਸਿਲੇ ਵਿਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਲੋਕਾਂ ਨੂੰ ਰੇਬੀਜ਼ (ਹਲਕਾਅ) ਤੋਂ ਬਚਾਅ, ਇਸਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ।
ਸੀ.ਐੱਚ.ਸੀ ਧਨੌਲਾ ਵਿਖੇ ਕਾਰਜਕਾਰੀ ਐੱਸ.ਐੱਮ.ਓ ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਰੇਬੀਜ਼ ਇੱਕ ਘਾਤਕ ਰੋਗ ਹੈ ਜਿਸ ਦਾ ਸਮੇਂ ਸਿਰ ਇਲਾਜ ਨਾਲ ਕਰਵਾਉਣ 'ਤੇ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ ਇਸ ਲਈ ਕਿਸੇ ਵੀ ਜਾਨਵਰ ਖ਼ਾਸਕਰ ਕੁੱਤੇ, ਬਿੱਲੀ, ਬਾਂਦਰ, ਚੂਹੇ ਜਾਂ ਨਿਉਲੇ ਆਦਿ ਦੇ ਵੱਢਣ,ਚੱਟਣ ਜਾਂ ਨਹੁੰਦਰਾਂ ਮਾਰਨ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਸਲਾਹ ਅਨੁਸਾਰ ਇਲਾਜ ਅਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅਤੇ ਆਮ ਆਦਮੀ ਕਲੀਨਿਕ ਵਿਚ ਰੇਬੀਜ਼ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।
ਬਲਾਕ ਮੀਡੀਆ ਅਫ਼ਸਰ ਰਤਿਕਾ ਓਬਰਾਏ ਨੇ ਦੱਸਿਆ ਕਿ ਸੀ.ਐੱਚ.ਸੀ ਧਨੌਲਾ ਵਿਚ ਇੰਟਰਨਸ਼ਿਪ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਟ੍ਰੇਨਿੰਗ ਸਕੂਲ, ਸਿਵਲ ਹਸਪਤਾਲ ਸੰਗਰੂਰ ਦੀਆਂ ਵਿਦਿਆਰਥਣਾਂ ਵੱਲੋਂ ' ਵਿਸ਼ਵ ਰੇਬੀਜ਼ ਹਫ਼ਤੇ' ਦੇ ਸਿਲਸਿਲੇ ਵਿੱਚ 22 ਤੋਂ 28 ਸਤੰਬਰ ਤੱਕ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੇਬੀਜ਼ (ਹਲਕਾਅ) ਤੋਂ ਬਚਾਅ, ਇਸਦੇ ਲੱਛਣਾਂ ਅਤੇ ਟੀਕਾਕਰਨ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਕੁੱਤੇ ਆਦਿ ਦੇ ਵੱਢਣ 'ਤੇ ਜਖਮ ਨੂੰ ਸਾਫ਼ ਪਾਣੀ, ਸਾਬਣ ਜਾਂ ਡਿਟੋਲ ਆਦਿ ਨਾਲ ਸਾਫ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਰੇਬੀਜ਼ ਆਮ ਤੌਰ 'ਤੇ ਕੁੱਤੇ, ਬਿੱਲੀ ਜਾਂ ਹੋਰ ਜਾਨਵਰਾਂ ਦੇ ਕੱਟਣ ਜਾਂ ਉਨ੍ਹਾਂ ਦੀ ਲਾਰ ਸਰੀਰ ਦੇ ਜ਼ਖ਼ਮ ਵਿੱਚ ਜਾਣ ਕਾਰਨ ਫੈਲਦਾ ਹੈ। ਵਿਦਿਆਰਥਣ ਸਿਮਰਨਪ੍ਰੀਤ ਅਤੇ ਜੱਸੋ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਜਾਨਵਰ ਦੇ ਕੱਟਣ ਤੋਂ ਬਾਅਦ ਬਿਨਾਂ ਕਿਸੇ ਦੇਰੀ ਦੇ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬਿਜ਼ ਵੈਕਸੀਨ (ਟੀਕਾਕਰਨ) ਦੇ ਸਾਰੇ ਟੀਕੇ ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਜ਼ਰੂਰ ਲਗਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਣਾ ਅਤੇ ਆਵਾਰਾ ਜਾਨਵਰਾਂ ਪ੍ਰਤੀ ਸਾਵਧਾਨੀ ਵਰਤਣ ਬਾਰੇ ਵੀ ਪ੍ਰੇਰਿਤ ਕੀਤਾ। ਵਿਦਿਆਰਥਣਾਂ ਨੇ ਦੱਸਿਆ ਕਿ ਪਾਲਤੂ ਜਾਨਵਰਾਂ ਦਾ ਪਸ਼ੂ ਪਾਲਣ ਵਿਭਾਗ ਤੋਂ ਟੀਕਾਕਰਨ ਕਰਵਾਉਣਾ ਵੀ ਵਧੇਰੇ ਜ਼ਰੂਰੀ ਹੈ।
ਜਾਗਰੂਕ ਕਰਨ ਵਾਲੀ ਟੀਮ ਵਿਚ ਵਿਦਿਆਰਥਣ ਅਮਨਜੋਤ, ਜਸਪ੍ਰੀਤ, ਕਿਰਨਦੀਪ, ਮਨਜੋਤ, ਰਮਨਦੀਪ, ਰਾਜਵੀਰ, ਸਿਮਰਨ ਅਤੇ ਵੀਰਪਾਲ ਕੌਰ ਵੀ ਸ਼ਾਮਲ ਸਨ।