ਵਰਕਸ਼ਾਪ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 02 ਮੁਲਜ਼ਮ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 29 ਸਤੰਬਰ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਬ-ਇੰਸਪੈਕਟਰ, ਮੁੱਖ ਅਫਸਰ ਥਾਣਾ ਕੂੰਮ ਕਲਾਂ ਲੁਧਿਆਣਾ ਦੀ ਅਗਵਾਈ ਹੇਠ ਚੌਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਵੱਲੋਂ ਲੁਧਿਆਣਾ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 26-09-2026 ਨੂੰ ਗੁਰਚਰਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕੋਟ ਗੰਗੂ ਰਾਏ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦੀ ਵਰਕਸ਼ਾਪ ਵਿੱਚ ਪਿਛਲੇ 4-5 ਮਹੀਨਿਆਂ ਤੋਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਮਿਤੀ 26-06-2026 ਨੂੰ ਵੀ ਵਰਕਸ਼ਾਪ ਵਿੱਚੋਂ ਚੋਰੀ ਹੋਈ ਸੀ ਅਤੇ ਮਿਤੀ 22/23-08-2026 ਦੀ ਦਰਮਿਆਨੀ ਰਾਤ ਨੂੰ ਵਰਕਸ਼ਾਪ ਦੇ ਸ਼ਟਰ ਦੇ ਤਾਲੇ ਤੋੜ ਕੇ ਗੱਡੀਆਂ ਦਾ ਸਮਾਨ ਅਤੇ ਬੈਟਰੀਆਂ ਚੋਰੀ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ ਮਿਤੀ 25/26-09-2026 ਦੀ ਦਰਮਿਆਨੀ ਰਾਤ ਨੂੰ ਵੀ ਉਕਤ ਵਰਕਸ਼ਾਪ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਸਿੰਘ ਅਤੇ ਸੰਗਤ ਸਿੰਘ ਨੇ ਆਪਸ ਵਿੱਚ ਮਿਲ ਕੇ ਚੋਰੀ ਦੀ ਵਾਰਦਾਤ ਕੀਤੀ ਅਤੇ ਵਾਰਦਾਤ ਲਈ ਕਾਰ ਨੰਬਰ PB-10-AZ-8228, ਮਾਰਕਾ ਹਾਂਡਾ ਸਿਟੀ ਦੀ ਵਰਤੋਂ ਕੀਤੀ ਗਈ।
ਇਸ ਸਬੰਧੀ ਮੁਕੱਦਮਾ ਨੰਬਰ 153 ਮਿਤੀ 26-09-2026, ਜੁਰਮ 305, 331(4) BNS, ਵਾਧਾ ਜੁਰਮ 317(2), ਥਾਣਾ ਕੂੰਮ ਕਲਾਂ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਤਫ਼ਤੀਸ਼ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਮਿਤੀ 27-09-2026 ਨੂੰ ਹਸਬ-ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਮਾਡਲ ਟਾਊਨ, ਲੁਧਿਆਣਾ ਵਿੱਚ ਦਰਜ ਹੈ ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਦਿਨ ਸਮੇਂ ਇਲਾਕੇ ਦੀ ਰੇਕੀ ਕਰਦੇ ਸਨ ਅਤੇ ਰਾਤ ਸਮੇਂ ਉਕਤ ਬਰਾਮਦ ਕਾਰ ਹਾਂਡਾ ਸਿਟੀ ਵਿੱਚ ਸਵਾਰ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।