ਉਜੈਨ 'ਚ ਸ਼ਾਹੀ ਮਸਜਿਦ ਹਟਾਉਣ 'ਤੇ ਹੰਗਾਮਾ: ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
ਬਾਬੂਸ਼ਾਹੀ ਬਿਊਰੋ
ਉਜੈਨ, 28 ਸਤੰਬਰ, 2026: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸਿੰਹਸਥ 2028 ਦੇ ਮੱਦੇਨਜ਼ਰ ਚੱਲ ਰਹੇ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਦੌਰਾਨ ਅੱਜ ਸ਼ਾਹੀ ਮਸਜਿਦ ਦੇ ਇੱਕ ਹਿੱਸੇ ਨੂੰ ਹਟਾਉਣ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਮਸਜਿਦ ਦੇ ਨੇੜੇ ਇਕੱਠੀ ਹੋਈ ਭੀੜ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਹਿੰਸਕ ਝੜਪ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਫਿਲਹਾਲ ਮੌਕੇ 'ਤੇ ਰੈਪਿਡ ਐਕਸ਼ਨ ਫੋਰਸ (RAF) ਅਤੇ ਭਾਰੀ ਪੁਲਿਸ ਬਲ ਤਾਇਨਾਤ ਹੈ।
ਮਿਲੀਆਂ ਰਿਪੋਰਟਾਂ ਅਨੁਸਾਰ ਬੀਤੀ ਰਾਤ ਪ੍ਰਸ਼ਾਸਨ ਅਤੇ ਮਸਜਿਦ ਕਮੇਟੀ ਵਿਚਕਾਰ ਹੋਈ ਬੈਠਕ 'ਚ ਸੜਕ ਦੇ ਰਸਤੇ 'ਚ ਆਉਂਦੇ ਹਿੱਸੇ ਨੂੰ ਸਵੈ-ਇੱਛਾ ਨਾਲ ਹਟਾਉਣ 'ਤੇ ਸਹਿਮਤੀ ਬਣ ਗਈ ਸੀ, ਪਰ ਸਵੇਰੇ ਕੁਝ ਲੋਕਾਂ ਦੇ ਵਿਰੋਧ ਕਾਰਨ ਮਾਹੌਲ ਵਿਗੜ ਗਿਆ। ਉਜੈਨ ਦੇ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਕਮਿਸ਼ਨਰ ਸਮੇਤ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ। ਪ੍ਰਸ਼ਾਸਨ ਨੇ ਦੱਸਿਆ ਕਿ ਛੱਤਰੀ ਸਥਾਨ ਦੇ ਧਾਰਮਿਕ ਸਥਾਨਾਂ ਸਮੇਤ ਸਾਰੇ ਭਾਈਚਾਰਿਆਂ ਦੇ ਲੋਕ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿੰਹਸਥ 2028 ਵਿੱਚ ਲਗਭਗ 40 ਕਰੋੜ ਸੰਗਤਾਂ ਦੇ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਸ਼ਹਿਰ ਵਿੱਚ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਖਜੂਰ ਵਾਲੀ ਮਸਜਿਦ ਤੋਂ ਜੀਵਾਜੀਗੰਜ ਤੱਕ ਦੀ 32 ਫੁੱਟ ਚੌੜੀ ਕੀਤੀ ਜਾ ਰਹੀ ਸੜਕ ਦੇ ਘੇਰੇ ਵਿੱਚ ਹਿੰਦੂ, ਮੁਸਲਿਮ ਅਤੇ ਬੋਹਰਾ ਭਾਈਚਾਰੇ ਦੇ 272 ਘਰ ਆਉਂਦੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਖੁਦ ਹਥੌੜਾ ਚਲਾ ਕੇ ਅਬਦਾਲਪੁਰਾ ਸਥਿਤ ਆਪਣੇ ਜੱਦੀ ਘਰ ਨੰਬਰ 180 ਨੂੰ ਢਾਹੁਣ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ।
- Download Babushahi App
-
-