ਅਕਾਲੀ ਨੇਤਾ ਰੂਪ ਕੌਰ ਸੰਧੂ ਦੇ ਸਨਸਨੀਖੇਜ਼ ਖੁਲਾਸੇ: ਪੰਥਕ ਅਤੇ ਰਾਜਨੀਤਿਕ ਖੇਤਰ 'ਚ ਔਰਤਾਂ ਦੇ ਸ਼ੋਸ਼ਣ ਦਾ ਖ਼ੁਲਾਸਾ ਕਰਨ ਦਾ ਕੀਤਾ ਦਾਅਵਾ
ਚੰਡੀਗੜ੍ਹ 28 ਸਤੰਬਰ 2026— ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬੁਲਾਰਾ ਰੂਪ ਕੌਰ ਸੰਧੂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਫੇਸਬੁੱਕ ਪੋਸਟ ਪਾ ਕੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਉਹ ਸਾਡੇ ਧਾਰਮਿਕ ਤੇ ਸਿਆਸੀ ਢਾਂਚੇ ਵਿੱਚ ਔਰਤਾਂ ਨਾਲ ਹੋ ਰਹੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨਾਲ ਸੰਬੰਧਿਤ ਵੱਡੇ ਸੱਚ ਦਾ ਖ਼ੁਲਾਸਾ ਕਰਨਗੇ।
ਰੂਪ ਕੌਰ ਸੰਧੂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਦੇ ਸੰਬੰਧ ਵਿੱਚ "ਬਹਿਰੀਨ ਵਾਲੀ ਬੀਬੀ" ਨਾਲ ਮੀਡੀਆ ਸਾਹਮਣੇ ਆ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਵਿੱਚ ਵਾਪਰੇ ਘਿਨੌਣੇ ਮਾਮਲੇ ਦਾ ਖੁਲਾਸਾ ਕੀਤਾ ਸੀ। ਇਸ ਖ਼ਬਰ ਦੇ ਦੁਨੀਆ ਭਰ ਵਿੱਚ ਫੈਲਣ ਤੋਂ ਬਾਅਦ ਕਈ ਹੋਰ ਪੀੜਤ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਨਾਲ ਹੋਏ ਧੱਕੇਸ਼ਾਹੀ ਦੇ ਦੁੱਖ ਸਾਂਝੇ ਕੀਤੇ ਹਨ।
ਖ਼ਬਰ ਦੇ ਮੁੱਖ ਬਿੰਦੂ:
-
ਪ੍ਰਭਾਵਸ਼ਾਲੀ ਚਿਹਰਿਆਂ ਦੇ ਨਾਮ ਆਏ ਸਾਹਮਣੇ: ਸੰਧੂ ਮੁਤਾਬਕ, ਪੀੜਤ ਔਰਤਾਂ ਨੇ ਦੇਸ਼-ਵਿਦੇਸ਼ ਵਿੱਚ ਆਪਣੇ ਆਪ ਨੂੰ ਪੰਥਕ ਅਤੇ ਸਿਆਸੀ ਆਗੂ ਵਜੋਂ ਸਥਾਪਿਤ ਕਰ ਚੁੱਕੇ ਕਈ ਜਾਣੇ-ਪਛਾਣੇ ਨਾਵਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚ ਇੱਕ ਨਿਹੰਗ ਸਿੰਘ ਬਾਣੇ ਵਿੱਚ ਅਤੇ ਇੱਕ ਰੂਪਨਗਰ ਜ਼ਿਲ੍ਹੇ ਦੇ ਪੰਥਕ ਹਲਕਿਆਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਹਨ।
-
ਸੁਰੱਖਿਆ ਦੀ ਚਿੰਤਾ ਅਤੇ ਵੱਡੇ ਧਮਾਕੇ ਦੀ ਚੇਤਾਵਨੀ: ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਵਾਹਿਗੁਰੂ ਦੀ ਮਿਹਰ ਨਾਲ ਉਨ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਤਾਂ ਉਹ ਇਹਨਾਂ ਸਭ ਦੇ ਅਸਲ ਕਿਰਦਾਰ ਸਬੂਤਾਂ ਸਮੇਤ ਜਨਤਕ ਕਰਨਗੇ।
-
ਸੰਸਥਾਵਾਂ ਦੀ ਜਾਂਚ (ਸਕਰੀਨਿੰਗ) ਦੀ ਮੰਗ: ਉਨ੍ਹਾਂ ਮੰਗ ਕੀਤੀ ਕਿ ਰਾਜਨੀਤਿਕ ਅਤੇ ਧਾਰਮਿਕ ਖੇਤਰ ਨਾਲ ਜੁੜੀਆਂ ਪੰਥਕ ਸੰਸਥਾਵਾਂ ਵਿੱਚ ਆਗੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਮਾੜੇ ਅਨਸਰ ਮਹਾਨ ਸਿੱਖ ਸੰਸਥਾਵਾਂ ਨੂੰ ਬਦਨਾਮ ਨਾ ਕਰ ਸਕਣ।
-
ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕੀਤੇ ਜਾਣਗੇ ਸਬੂਤ: ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਭਰੋਸੇ ਦਾ ਹਵਾਲਾ ਦਿੰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਉਹ ਜਲਦ ਹੀ ਸਿੰਘ ਸਾਹਿਬ ਜੀ ਦੇ ਸਾਹਮਣੇ ਪੁਖ਼ਤਾ ਸਬੂਤ ਪੇਸ਼ ਕਰਨਗੇ ਤਾਂ ਜੋ ਦੋਸ਼ੀਆਂ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਦੇ ਸਬੰਧ ਵਿੱਚ ਬਹਿਰੀਨ ਵਾਲੀ ਬੀਬੀ ਨਾਲ ਮੇਰੇ ਵੱਲੋਂ ਮੀਡੀਆ ਸਾਹਮਣੇ ਆ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਵਿੱਚ ਵਾਪਰੇ ਘਿਨੌਣੇ ਸੱਚ ਦਾ ਖ਼ੁਲਾਸਾ ਕੀਤਾ ਗਿਆ ਸੀ। ਇਹ ਖ਼ਬਰ ਦੁਨੀਆ ਭਰ ਵਿੱਚ ਜਾਣ ਤੋਂ ਬਾਅਦ, ਹੋਰ ਵੀ ਕੁੱਝ ਪੀੜਿਤ ਔਰਤਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਧਾਰਮਿਕ ਅਤੇ ਰਾਜਨੀਤਿਕ ਖ਼ੇਤਰ ਅੰਦਰ ਕਿਸ ਪੱਧਰ 'ਤੇ ਗੰਦਗੀ ਫ਼ੈਲ ਚੁੱਕੀ ਹੈ
ਉਨ੍ਹਾਂ ਵੱਲੋਂ ਕਈ ਅਜਿਹੇ ਚਰਚਿਤ ਨਾਂਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਦੇਸ਼-ਵਿਦੇਸ਼ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਹਸਤੀਆਂ ਵਜੋਂ ਸਥਾਪਿਤ ਕਰਕੇ ਬੈਠੇ ਹਨ ਅਤੇ ਆਪਣੇ ਆਪ ਨੂੰ ਪੰਥ ਅਤੇ ਪੰਜਾਬ ਦੇ ਵੱਡੇ ਧਾਰਮਿਕ ਤੇ ਸਿਆਸੀ ਆਗੂ ਅਖਵਾਉਂਦੇ ਹਨ। ਇਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਬਾਣੇ ਵਿੱਚ, ਇੱਕ ਰੂਪਨਗਰ ਜ਼ਿਲ੍ਹੇ ਅਤੇ ਪੰਜਾਬ ਦੇ ਕੁੱਝ ਪੰਥਕ ਹਲਕਿਆਂ ਵਿੱਚੋਂ ਜਾਣੇ ਜਾਂਦੇ ਇਲਾਕਿਆਂ ਨਾਲ ਸਬੰਧਿਤ ਪਾਏ ਗਏ ਹਨ ਪਰ ਪਰਦੇ ਦੇ ਪਿੱਛੇ ਉਨ੍ਹਾਂ ਦਾ ਅਸਲ ਕਿਰਦਾਰ ਕੀ ਹੈ, ਇਸ ਦਾ ਸੱਚ ਜਲਦ ਹੀ ਸਭ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੋ ਜਾਵੇਗਾ। ਆਉਂਦੇ ਦਿਨਾਂ ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਜੇ ਮੇਰਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤਾਂ ਇਸ ਸਬੰਧੀ ਵੱਡੇ ਖੁਲਾਸੇ ਕਰਾਂਗੀ
ਅੱਜ ਇਸ ਗੱਲ ਦੀ ਬੇਹੱਦ ਲੋੜ ਮਹਿਸੂਸ ਹੋ ਰਹੀ ਹੈ ਕਿ ਸਾਡੀਆਂ ਪੰਥਕ ਸੰਸਥਾਵਾਂ ਵਿੱਚ ਜਿਨ੍ਹਾਂ ਦਾ ਸਬੰਧ ਰਾਜਨੀਤਿਕ ਖੇਤਰ ਨਾਲ ਵੀ ਜੁੜਿਆ ਹੁੰਦਾ ਹੈ—ਦੀ ਬਰੀਕੀ ਨਾਲ ਸਕਰੀਨਿੰਗ (ਜਾਂਚ) ਕੀਤੀ ਜਾਵੇ, ਤਾਂ ਜੋ ਅਜਿਹੇ ਮਾੜੇ ਅਨਸਰ ਸਾਡੀਆਂ ਮਹਾਨ ਸਿੱਖ ਸੰਸਥਾਵਾਂ ਨੂੰ ਬਦਨਾਮ ਨਾ ਕਰ ਸਕਣ
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਤੋਂ ਬਾਅਦ ਸਪਸ਼ਟ ਕੀਤਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਪੰਥਕ ਸੰਸਥਾ ਵਿੱਚ ਗਲਤ ਕੰਮ ਕਰਦਾ ਹੈ ਅਤੇ ਉਸ ਦੇ ਸਬੂਤ ਆਉਂਦੇ ਹਨ, ਤਾਂ ਉਸ ਵਿਰੁੱਧ ਪੰਥਕ ਰਵਾਇਤਾਂ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਵਚਨਬੱਧਤਾ ਤਹਿਤ, ਮੈਂ ਆਉਂਦੇ ਦਿਨਾਂ ਵਿੱਚ ਸਿੰਘ ਸਾਹਿਬ ਜੀ ਦੇ ਸਾਹਮਣੇ ਠੋਸ ਸਬੂਤ ਪੇਸ਼ ਕਰਕੇ ਸਖ਼ਤ ਕਾਰਵਾਈ ਦੀ ਮੰਗ ਕਰਾਂਗੀ।
ਇੱਕ ਸਿੱਖ ਹੋਣ ਕਾਰਨ ਮੇਰਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸੰਸਥਾਵਾਂ ਦੀ ਪਵਿੱਤਰਤਾ ਨੂੰ ਬਹਾਲ ਰੱਖਣਾ ਅਤੇ ਹਰ ਪੀੜਤ ਨੂੰ ਇਨਸਾਫ਼ ਦਿਵਾਉਣਾ ਹੈ
~ ਰੂਪ ਕੌਰ ਸੰਧੂ
- Download Babushahi App
-
-