ਬਠਿੰਡਾ ਪ੍ਰਸ਼ਾਸ਼ਨ ਦੱਸੇਗਾ ਸਾਡੇ ਬਜ਼ੁਰਗ, ਸਾਡਾ ਮਾਣ ਤਹਿਤ ਬਜ਼ੁਰਗਾਂ ਨੂੰ ਧੋਖਾਧੜੀ ਤੋਂ ਬਚਣ ਦੇ ਨੁਕਤੇ
ਬਠਿੰਡਾ, 29 ਸਤੰਬਰ :ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਅਤੇ ਸਿਹਤ ਸੰਭਾਲ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ 14 ਅਕਤੂਬਰ ਨੂੰ ਬਲਵੰਤ ਆਡੀਟੋਰੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮਨਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪੰਕਜ ਨੇ ਦੱਸਿਆ ਕਿ 14 ਅਕਤੂਬਰ ਨੂੰ ਬਠਿੰਡਾ ਪੁਲਿਸ ਵੱਲੋਂ ਬਜ਼ੁਰਗਾਂ ਨੂੰ ਸਾਈਬਰ ਕਰਾਈਮ ਪ੍ਰਤੀ ਸੁਚੇਤ ਕਰਨ ਲਈ ਵਿਸ਼ੇਸ਼ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਵਿੱਤੀ ਨੁਕਸਾਨ ਅਤੇ ਧੋਖਾਧੜੀ ਤੋਂ ਬਚਾਇਆ ਜਾ ਸਕੇ। ਨਾਲ ਹੀ ਸਿਵਲ ਸਰਜਨ ਵੱਲੋਂ ਵਿਸ਼ੇਸ਼ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਜਿਨ੍ਹਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਕੈਂਸਰ, ਹੱਡੀਆਂ ਦੇ ਰੋਗ, ਅੱਖਾਂ ਦੇ ਰੋਗ, ਫੀਜੀਓਥਰੈਪੀ ਆਦਿ ਸਬੰਧੀ ਮੁਫ਼ਤ ਚੈੱਕ ਅਪ ਕੀਤਾ ਜਾਵੇਗਾ। ਨਾਲ ਹੀ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦੀ ਵੰਡ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ, ਜਿੱਥੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਭਲਾਈ ਅਤੇ ਸੇਵਾ ਵਿੱਚ ਲੱਗੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਸਰਕਾਰੀ ਸਕੀਮਾਂ, ਪੈਨਸ਼ਨ ਅਤੇ ਸਮਾਜਕ ਸੁਰੱਖਿਆ ਲਾਭ ਬਾਰੇ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਜ਼ਿਲ੍ਹਾ ਕਾਨੂੰਨੀ ਕਾਨੂੰਨੀ ਅਥਾਰਿਟੀ ਵੱਲੋਂ ਵੀ ਬਜ਼ੁਰਗ ਨਾਗਰਿਕਾਂ ਦੀ ਅਧਿਕਾਰਾਂ, ਕਾਨੂੰਨੀ ਪ੍ਰਬੰਧਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਪੈਨਸ਼ਨ, ਸੰਪਤੀ, ਘਰੇਲੂ ਹਿੰਸਾ ਜਾਂ ਉਪੇਖਾ ਨਾਲ ਜੁੜੇ ਮਸਲਿਆਂ ਬਾਰੇ ਵੀ ਕਾਨੂੰਨੀ ਸਲਾਹ ਕੀਤੀ ਜਾਵੇਗੀ। ਲੀਡ ਬੈਂਕ ਮੈਨੇਜਰ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਮਿਲਣ ਵਾਲੀਆਂ ਬੈਕਿੰਗ ਸੇਵਾਵਾਂ ਦਾ ਸਟਾਲ ਅਤੇ ਬੈਕਿੰਗ ਧੋਖਾ ਧੜੀ ਸਬੰਧੀ ਜਾਗਰੂਕ ਕੀਤਾ ਜਾਵੇਗਾ।