ਭਾਜਪਾ ਦੀ ਨਸ਼ਾ ਮੁਕਤ ਯਾਤਰਾ ’ਤੇ ਭਾਜਪਾ ਆਗੂ ਦਾ ਤਿੱਖਾ ਕਟਾਖਸ਼ - ਨਸ਼ੇ ਨੂੰ ਸਿਆਸੀ ਤਮਾਸ਼ਾ ਨਾ ਬਣਾਓ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 16 ਸਤੰਬਰ 2026: ਭਾਰਤੀ ਜਨਤਾ ਪਾਰਟੀ ਵੱਲੋਂ 18 ਸਤੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਦੇ ਹੀ ਸੀਨੀਅਰ ਰਾਸ਼ਟਰੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੂੰ ਤਿੱਖੇ ਸਵਾਲ ਕੀਤੇ ਹਨ।
ਗਰੇਵਾਲ ਨੇ ਕਿਹਾ, “ਅਮਿਤ ਸ਼ਾਹ ਜੀ, ਪੰਜਾਬ ਦੇ ਨਸ਼ਿਆਂ ਦੇ ਸੰਕਟ ਨੂੰ ਸਿਆਸੀ ਤਮਾਸ਼ਾ ਨਾ ਬਣਾਓ। ਕਾਰਵਾਈ ਕਰੋ, ਜਾਂਚ ਕਰਵਾਓ ਤੇ ਪੰਜਾਬ ਨੂੰ ਜਵਾਬ ਦਿਓ।”
ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਸਰਹੱਦ ਤੋਂ 50 ਕਿਲੋਮੀਟਰ ਤੱਕ ਦਾ ਇਲਾਕਾ ਕੇਂਦਰੀ ਸੁਰੱਖਿਆ ਬਲਾਂ ਦੇ ਅਧੀਨ ਆਉਂਦਾ ਹੈ ਤਾਂ ਸਰਹੱਦ ਪਾਰੋਂ ਪੰਜਾਬ ਵਿੱਚ ਨਸ਼ਾ ਆਉਣ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਪਹਿਲਾਂ ਰਾਤ ਸਮੇਂ ਡਰੋਨਾਂ ਰਾਹੀਂ ਨਸ਼ਾ ਆਉਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸਨ, ਹੁਣ ਦਿਨ ਦੇ ਸਮੇਂ ਵੀ ਨਸ਼ਾ ਆਉਣ ਦੇ ਦੋਸ਼ ਲੱਗ ਰਹੇ ਹਨ। ਫਿਰ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ?
ਉਨ੍ਹਾਂ ਕਿਹਾ, “ਯਾਤਰਾ ਕੱਢਣਾ ਵਿਰੋਧੀ ਧਿਰ ਦਾ ਕੰਮ ਹੈ, ਸਰਕਾਰ ਦਾ ਕੰਮ ਕਾਰਵਾਈ ਕਰਨਾ ਹੈ।”
ਗਰੇਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਅਤੇ 6000 ਕਰੋੜ ਰੁਪਏ ਦੇ ਦੱਸੇ ਜਾ ਰਹੇ ਡਰੱਗ ਮਾਮਲੇ ਨਾਲ ਸਬੰਧਤ ਐਫਆਈਆਰ ਮੌਜੂਦ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕਿਉਂ ਨਹੀਂ ਹੋ ਰਹੀ?
ਗਰੇਵਾਲ ਨੇ ਪਰਮਿੰਦਰ ਸਿੰਘ ਬਰਾੜ ਅਤੇ ਬੌਨੀ ਅਜਨਾਲਾ ਦਾ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਰਿਪੋਰਟ ਦੇ ਪੰਨਾ 11 ’ਤੇ ਇਨ੍ਹਾਂ ਦਾ ਜ਼ਿਕਰ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਅਜਿਹੇ ਦੋਸ਼ ਅਤੇ ਰਿਪੋਰਟਾਂ ਮੌਜੂਦ ਹਨ ਤਾਂ ਫਿਰ ਇਨ੍ਹਾਂ ਨੂੰ ਭਾਜਪਾ ਵਿੱਚ ਜ਼ਿੰਮੇਵਾਰੀਆਂ ਅਤੇ ਵਾਈ-ਪਲੱਸ ਸੁਰੱਖਿਆ ਕਿਵੇਂ ਦਿੱਤੀ ਗਈ? ਉਨ੍ਹਾਂ ਨੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਇਨ੍ਹਾਂ ਦੇ ਨੇੜਲੇ ਸਬੰਧਾਂ ਦਾ ਵੀ ਜ਼ਿਕਰ ਕੀਤਾ।
ਗਰੇਵਾਲ ਨੇ ਕਿਹਾ, “ਕੀ ਅਜਿਹੇ ਆਗੂਆਂ ਨੂੰ ਮੰਚ ’ਤੇ ਖੜ੍ਹਾ ਕਰਕੇ ਉਨ੍ਹਾਂ ਮਾਵਾਂ ਦੇ ਜ਼ਖ਼ਮ ਫਿਰ ਤੋਂ ਕੁਰੇਦੇ ਜਾਣਗੇ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਭੇਟ ਚੜ੍ਹ ਗਏ?”
ਉਨ੍ਹਾਂ ਯਾਦ ਕਰਵਾਇਆ ਕਿ ਸਾਲ 2015 ਵਿੱਚ ਉਨ੍ਹਾਂ ਨੇ ਖੁਦ ਨਸ਼ਿਆਂ ਦੇ ਖ਼ਿਲਾਫ਼ ਯਾਤਰਾ ਕੱਢੀ ਸੀ, ਜਿਸ ਵਿੱਚ 1000 ਤੋਂ ਵੱਧ ਵਾਹਨ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਭਾਜਪਾ ਵੱਲੋਂ ਉਸ ਯਾਤਰਾ ਨੂੰ ਆਪਣੀ ਯਾਤਰਾ ਨਹੀਂ ਮੰਨਿਆ ਗਿਆ। ਹੁਣ ਦੀ ਯਾਤਰਾ ਵਿੱਚ ਅਜਿਹਾ ਕੀ ਖਾਸ ਹੈ?
ਗਰੇਵਾਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਬਣੀ ਐਸਆਈਟੀ ਦੀਆਂ 4 ਵਿੱਚੋਂ 3 ਰਿਪੋਰਟਾਂ ਜਨਤਕ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਾਰੀ ਗੱਲ ਸਮਝਦੇ ਹਨ ਅਤੇ ਹੁਣ ਸਿਰਫ਼ ਯਾਤਰਾਵਾਂ ਨਹੀਂ, ਸਗੋਂ ਠੋਸ ਕਾਰਵਾਈ ਚਾਹੁੰਦੇ ਹਨ।
ਗਰੇਵਾਲ ਨੇ ਮੰਗ ਕੀਤੀ ਕਿ ਪੰਜਾਬ ਆਉਣ ਤੋਂ ਪਹਿਲਾਂ ਦਿੱਲੀ ਵਿੱਚ ਬੈਠ ਕੇ ਹੀ ਇਨ੍ਹਾਂ ਮਾਮਲਿਆਂ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।