ਯੂ.ਜੀ.ਸੀ. 2018 ਦਾ ਰੈਗੂਲੇਸ਼ਨ ਲਾਗੂ ਨਾ ਕਰਨ ਵਿਰੁੱਧ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੁਤਲਾ ਫੂਕ ਮੁਜਾਹਰਾ
ਅਸ਼ੋਕ ਵਰਮਾ
ਬਠਿੰਡਾ , 15 ਸਤੰਬਰ 2026 :ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮੂਹ ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਰੀਜਨਲ ਸੈਂਟਰਾਂ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਸੁਣਾਏ ਗਏ ਫ਼ੈਸਲੇ ਨੂੰ ਯੂਨੀਵਰਸਿਟੀ ਵੱਲੋਂ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪੁਕਟਾ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਆਪਣੇ—ਆਪਣੇ ਕੈਂਪਸਾਂ ਵਿਖੇ ਯੂਨੀਵਰਸਿਟੀ ਪ੍ਰਸਾਸ਼ਨ ਦਾ ਪੁਤਲਾ ਸਾੜਕੇ ਅਤੇ ਆਪਣੇ ਹੱਕਾਂ ਦੀ ਮੰਗ ਲਈ ਨਾਅਰੇ ਲਗਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਵਰਸਿਟੀ ਕਾਲਜ, ਘੁੱਦਾ(ਬਠਿੰਡਾ) ਵਿੱਚ ਕੰਟਰੈਕਟ ਆਧਾਰ ਤੇ ਕੰਮ ਕਰ ਰਹੇ ਅਧਿਆਪਕਾਂ ਨੇ ਆਪਣਾ ਰੋਸ ਪ੍ਰਦਰਸ਼ਨ ਕਰਦਿਆ ਦੱਸਿਆ ਕਿ ਮਾਣਯੋਗ ਹਾਈ ਕੋਰਟ ਦੇ ਫ਼ੈਸਲੇ ਵਿੱਚ ਯੂ.ਜੀ.ਸੀ. 2018 ਦੇ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਹੁਕਮ ਦਿੱਤੇ ਗਏ ਹਨ, ਪਰੰਤੂ ਯੂਨੀਵਰਸਿਟੀ ਵੱਲੋਂ ਇਨ੍ਹਾਂ ਹੁਕਮਾਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਕੰਟਰੈਕਟ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਇਨ੍ਹਾਂ ਸਹਾਇਕ ਪੋ੍ਰਫੈਸਰਾਂ ਨੂੰ ਯੂਨੀਵਰਸਿਟੀ ਵੱਲੋਂ ਠੇਕਾ ਆਧਾਰ ਤੇ ਭਰਤੀ ਕੀਤਾ ਗਿਆ ਸੀ ਅਤੇ ਉਸ ਸਮੇਂ ਇਹ ਸਹਾਇਕ ਪੋ੍ਰਫੈਸਰ ਯੂ.ਜੀ.ਸੀ. ਨਿਯਮਾਂ ਅਨੁਸਾਰ ਆਪਣੀਆਂ ਯੋਗਤਾਵਾਂ ਪੂਰੀਆਂ ਕਰਦੇ ਸਨ। ਪਿਛਲੇ ਲੰਮੇ ਅਰਸੇ ਤੋਂ ਲਗਭਗ 14 ਤੋਂ 21 ਸਾਲ ਇਹ ਪੂਰੀ ਮੇਹਨਤ ਅਤੇ ਤਨਦੇਹੀ ਨਾਲ ਸੌਪੇ ਗਏ ਸਾਰੇ ਹੀ ਅਧਿਆਪਨ ਅਤੇ ਗੈਰ ਅਧਿਆਪਨ ਕਾਰਜ ਨਿਭਾਉਦੇ ਰਹੇ ਹਨ। ਪਰ ਅਫਸੋਸਜਨਕ ਹੈ ਕਿ ਏਨੇ ਲੰਮੇ ਸਮੇਂ ਤੋਂ ਇਹ ਬਹੁਤ ਨਿਗੂਣੀਆਂ ਤਨਖਾਹਾਂ ਤੇ ਸੇਵਾ ਨਿਭਾ ਰਹੇ ਹਨ। ਯੂਨੀਵਰਸਿਟੀ ਵੱਲੋਂ ਸੱਤਵਾਂ ਪੇ ਸਕੇਲ ਨਾ ਲਾਗੂ ਕਰਨ ਦੇ ਰੋਸ ਵਜੋਂ ਇਨਾਂ ਵੱਲੋਂ ਮਾਣਯੋਗ ਹਾਈਕੋਰਟ ਦਰਵਾਜ਼ਾ ਖੜਕਾਇਆ ਗਿਆ।ਜਿੱਥੇ ਫੈਸਲਾ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆਇਆ।
ਉਨ੍ਹਾਂ ਕਿਹਾ ਕਿ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਕੋਰਟ ਦੇ ਆਰਡਰ ਨਹੀਂ ਲਾਗੂ ਕੀਤੇ। ਜਿਸਦੇ ਰੋਸ ਵਜੋਂ ਇਹਨਾਂ ਕੰਟਰੈਕਟ ਸਹਾਇਕ ਪੋ੍ਰਫੈਸਰਾਂ ਵੱਲੋਂ 18 ਅਗਸਤ 2026 ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਵੱਖ ਵੱਖ ਕਾਲਜਾਂ ਤੇ ਕੈਂਪਸਾਂ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ।ਪਰ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਏਨ੍ਹਾਂ ਜਾਇਜ਼ ਮੰਗਾਂ ਨੂੰ ਲੈ ਕੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਉਠਾਏ ਗਏ। ਨਿਰਾਸ਼ ਹੋ ਕੇ ਮਿਤੀ 15 ਸਤੰਬਰ 2026 ਨੂੰ ਵੱਖ ਵੱਖ ਕਾਲਜਾਂ ਸਮੇਤ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਯੂਨੀਵਰਸਿਟੀ ਪ੍ਰਸਾਸ਼ਨ ਦਾ ਪੁਤਲਾ ਬਣਾਕੇ ਸਾੜਿਆ ਗਿਆ। ਜਿਸ ਵਿੱਚ ਸਮੂਹ ਕੰਟਰੈਕਟ ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪੁਕਟਾ ਯੂਨੀਅਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਯੂਨੀਵਰਸਿਟੀ ਵੱਲੋਂ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।