ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ
ਐਸ.ਜੀ.ਪੀ.ਸੀ. ਚੋਣਾਂ 15 ਸਾਲਾਂ ਤੋਂ ਨਾ ਕਰਵਾਉਣਾ ਜਮਹੂਰੀਅਤ ਦਾ ਘਾਣ: ਮਾਨ
1984 ਤੋਂ ਬਾਅਦ ਹੀ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਸੀ: ਸਿਮਰਨਜੀਤ ਸਿੰਘ ਮਾਨ
ਕੁਲਵਿੰਦਰ ਸਿੰਘ
ਅਮ੍ਰਿਤਸਰ, 15 September 2026 :
ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਮਹੂਰੀਅਤ ਦਿਵਸ ਮਨਾਇਆ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ 1984 ਦੇ ਸਾਕੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਤੇ ਹੋਏ ਹਮਲੇ ਤੋਂ ਬਾਅਦ ਹੀ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਸੀ। ਸਿਮਰਨਜੀਤ ਸਿੰਘ ਮਾਨ ਨੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਬਾਦਲ ਪਰਿਵਾਰ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀਆਂ ਚੋਣਾਂ, ਜੋ ਹਰ ਪੰਜ ਸਾਲ ਬਾਅਦ ਹੋਣੀਆਂ ਚਾਹੀਦੀਆਂ ਹਨ, ਪਿਛਲੇ ਲਗਭਗ 15 ਸਾਲਾਂ ਤੋਂ ਨਹੀਂ ਕਰਵਾਈਆਂ ਜਾ ਰਹੀਆਂ, ਜੋ ਜਮਹੂਰੀਅਤ ਦਾ ਘਾਣ ਹੈ। ਮਾਨ ਨੇ ਫੌਜ ਵਿੱਚ ਭਰਤੀ ਅਤੇ ਅਗਨੀਵੀਰ ਯੋਜਨਾ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਚਾਰ ਸਾਲ ਦੀ ਅਗਨੀਵੀਰ ਯੋਜਨਾ ਨੂੰ ਸਿੱਖ ਨੌਜਵਾਨ ਪਸੰਦ ਨਹੀਂ ਕਰਦੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੀ ਰੱਖਿਆ ਤਕਨਾਲੋਜੀ ਅਤੇ ਵਿਦੇਸ਼ਾਂ ’ਤੇ ਨਿਰਭਰਤਾ ਸਬੰਧੀ ਵੀ ਟਿੱਪਣੀਆਂ ਕੀਤੀਆਂ। ਅੰਤਰਰਾਸ਼ਟਰੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਬ੍ਰਿਕਸ ਅਤੇ ਕਵਾਡ ਵਰਗੇ ਸੰਗਠਨਾਂ ਬਾਰੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਵੱਲੋਂ ਰੂਸ ਅਤੇ ਚੀਨ ਨਾਲ ਗੁਪਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਿਹਾ ਕਿ ਅਮਰੀਕਾ ਨੂੰ ਭਾਰਤ ਨੂੰ ਕਵਾਡ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਲਦਾਖ ਦੇ ਇਲਾਕਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੇ ਖੇਤਰ 1834 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਵੱਲੋਂ ਜਿੱਤੇ ਗਏ ਸਨ, ਉਨ੍ਹਾਂ ਨੂੰ ਸਿੱਖਾਂ ਦੇ ਹਵਾਲੇ ਕਰਕੇ ਖ਼ਾਲਿਸਤਾਨ ਐਲਾਨਿਆ ਜਾਣਾ ਚਾਹੀਦਾ ਹੈ। ਕਰਤਾਰਪੁਰ ਸਾਹਿਬ ਲਾਂਘੇ ਅਤੇ ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹਣ ਦੀ ਮੰਗ ਕਰਦਿਆਂ ਮਾਨ ਨੇ ਸਵਾਲ ਕੀਤਾ ਕਿ ਜੇਕਰ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਜਾਰੀ ਰਹਿ ਸਕਦੀ ਹੈ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਵਾਹਗਾ ਬਾਰਡਰ ਰਾਹੀਂ ਵਪਾਰ ਖੁੱਲ੍ਹਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਵਧੀਆ ਭਾਅ ਮਿਲ ਸਕਦੇ ਹਨ ਅਤੇ ਕਿਸਾਨ ਕਰਜ਼ੇ ਤੇ ਖ਼ੁਦਕੁਸ਼ੀਆਂ ਤੋਂ ਬਚ ਸਕਦੇ ਹਨ। ਇਸ ਮੌਕੇ ਦੱਸਿਆ ਗਿਆ ਕਿ ਇਹ ਰੋਸ ਮਾਰਚ ਦਰਬਾਰ ਸਾਹਿਬ ਤੱਕ ਜਾਵੇਗਾ ਅਤੇ ਐਸ.ਜੀ.ਪੀ.ਸੀ., ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਹੈੱਡ ਗ੍ਰੰਥੀ ਸਾਹਿਬ ਅਤੇ ਹੋਰ ਸਬੰਧਤ ਸ਼ਖ਼ਸੀਅਤਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
- Download Babushahi App
-
-