ਮਾਤਾ ਗੁਜਰੀ ਕਾਲਜ ਦੀ ਫ਼ੈਕਲਟੀ ਆਫ਼ ਬੇਸਿਕ ਸਾਇੰਸਿਜ਼ ਵੱਲੋਂ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ, 26 ਜੁਲਾਈ
ਮਾਤਾ ਗੁਜਰੀ ਕਾਲਜ ਦੀ ਫ਼ੈਕਲਟੀ ਆਫ਼ ਬੇਸਿਕ ਸਾਇੰਸਿਜ਼ ਵੱਲੋਂ ਬੀ.ਐੱਸਸੀ. ਆਨਰਜ਼ ਮਲਟੀਡਿਸੀਪਲਿਨਰੀ (ਲਾਈਫ ਸਾਇੰਸਿਜ਼ ਅਤੇ ਫਿਜ਼ੀਕਲ ਸਾਇੰਸਿਜ਼) ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਵਿਸ਼ੇਸ਼ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੀ ਪਰੰਪਰਾ ਅਨੁਸਾਰ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਸ੍ਰੀ ਮੂਲ ਮੰਤਰ ਸਾਹਿਬ ਦੇ ਉਚਾਰਨ ਨਾਲ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਇੰਡਕਸ਼ਨ ਪ੍ਰੋਗਰਾਮ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਢਾਂਚੇ, ਵਿਭਾਗਾਂ ਦੀ ਕਾਰਜ-ਪ੍ਰਣਾਲੀ ਅਤੇ ਕੈਂਪਸ ਦੇ ਸਮੁੱਚੇ ਮਾਹੌਲ ਨਾਲ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪ੍ਰੋਗਰਾਮ ਕੋਆਰਡੀਨੇਟਰ ਅਤੇ ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਸੰਧੂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਲਜ ਪਰਿਵਾਰ ਦਾ ਹਿੱਸਾ ਬਣਨ 'ਤੇ ਵਧਾਈ ਦਿੱਤੀ। ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਅਤੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਉਦਘਾਟਨੀ ਸੈਸ਼ਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਬਾਟਨੀ ਅਤੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਲਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਗੌਰਵਮਈ ਇਤਿਹਾਸ, ਵਿਜ਼ਨ, ਮਿਸ਼ਨ, ਨੈਤਿਕ ਕਦਰਾਂ-ਕੀਮਤਾਂ ਅਤੇ ਕੈਂਪਸ ਵਿਖੇ ਉਪਲਬਧ ਵੱਖ-ਵੱਖ ਵਿਦਿਆਰਥੀ ਸਹਿਯੋਗ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਫ਼ਿਜ਼ਿਕਸ ਵਿਭਾਗ ਦੇ ਮੁਖੀ ਅਤੇ ਡਿਪਟੀ ਕੰਟਰੋਲਰ ਪ੍ਰੀਖਿਆਵਾਂ ਡਾ. ਤੇਜਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਪ੍ਰੀਖਿਆ ਪ੍ਰਣਾਲੀ ਅਤੇ ਅਕਾਦਮਿਕ ਮੁਲਾਂਕਣ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਫ਼ੈਕਲਟੀ ਆਫ਼ ਬੇਸਿਕ ਸਾਇੰਸਿਜ਼ ਦੇ ਡੀਨ ਅਤੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੈਰੀ ਨੇ ਨਵੇਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਆਪਣੀ ਅਕਾਦਮਿਕ ਯਾਤਰਾ ਦੌਰਾਨ ਮਿਹਨਤ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਨਾਲ ਜਾਣੂ ਕਰਵਾਉਣ ਲਈ ਡਾ. ਨਵਜੀਤ ਕੌਰ, ਡਾ. ਮਨਪ੍ਰੀਤ ਕੌਰ ਅਤੇ ਡਾ. ਨੈਨਾ ਖੁੱਲਰ ਵੱਲੋਂ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਰਾਹੀਂ ਆਈਸ-ਬ੍ਰੇਕਿੰਗ ਸੈਸ਼ਨ ਕਰਵਾਇਆ ਗਿਆ। ਇਸ ਉਪਰੰਤ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦਾ ਦੌਰਾ ਵੀ ਕਰਵਾਇਆ ਗਿਆ।
ਇਸ ਇੰਡਕਸ਼ਨ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਲਈ ਐਨ.ਸੀ.ਸੀ., ਐਨ.ਐੱਸ.ਐੱਸ., ਸਕਾਲਰਸ਼ਿਪ ਯੋਜਨਾਵਾਂ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ, ਪਲੇਸਮੈਂਟ ਸੈੱਲ, ਐਂਟੀ-ਰੈਗਿੰਗ ਜਾਗਰੂਕਤਾ, ਭਾਵਨਾਤਮਕ ਤੰਦਰੁਸਤੀ, ਸਮਾਂ ਪ੍ਰਬੰਧਨ ਅਤੇ ਕਰੀਅਰ ਮਾਰਗਦਰਸ਼ਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸ਼ੇਸ਼ ਸੈਸ਼ਨਾਂ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਸਟੂਡੈਂਟ ਮੈਂਟਰ ਨਿਯੁਕਤ ਕਰਨ ਦਾ ਫੈਸਲਾ ਵੀ ਲਿਆ ਗਿਆ ਜੋ ਉਨ੍ਹਾਂ ਨੂੰ ਅਕਾਦਮਿਕ ਅਤੇ ਵਿਅਕਤੀਗਤ ਪੱਧਰ 'ਤੇ ਲੋੜੀਂਦੀ ਸਲਾਹ ਅਤੇ ਸਹਿਯੋਗ ਪ੍ਰਦਾਨ ਕਰੇਗਾ ਤਾਂ ਜੋ ਉਹ ਕਾਲਜ ਵਿੱਚ ਸਵੈ ਵਿਸ਼ਵਾਸ ਅਤੇ ਸੁਚਾਰੂ ਢੰਗ ਨਾਲ ਆਪਣੀ ਅਕਾਦਮਿਕ ਯਾਤਰਾ ਦੀ ਸਫ਼ਲ ਸ਼ੁਰੂਆਤ ਕਰ ਸਕਣ।