2.50 ਕਰੋੜ ਦੀ ਸਾਈਬਰ ਠੱਗੀ ਦਾ ਪਰਦਾਫਾਸ਼; ਰਾਜਸਥਾਨ ਤੋਂ ਮੁੱਖ ਦੋਸ਼ੀ ਕਾਬੂ; 18 ਲੱਖ ਰੁਪਏ ਪੀੜਤ ਨੂੰ ਵਾਪਸ, ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 25 ਜੁਲਾਈ 2026- ਲੁਧਿਆਣਾ ਪੁਲਿਸ ਨੇ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਰਾਜਸਥਾਨ ਤੋਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਫਰਮ ਬਣਾਈ ਅਤੇ ਇੱਕ ਨਾਮੀ ਕਾਰੋਬਾਰੀ ਫਰਮ ਦੇ ਮੈਨੇਜਰ ਨੂੰ ਫਰਮ ਦੇ ਮਾਲਕ ਦੀ ਤਸਵੀਰ ਦੀ ਵਰਤੋਂ ਕਰਕੇ ਭਰੋਸੇ ਵਿੱਚ ਲਿਆ। ਕਾਰੋਬਾਰੀ ਸੌਦੇ ਦਾ ਝਾਂਸਾ ਦੇ ਕੇ ਕਰੀਬ ₹2 ਕਰੋੜ 50 ਲੱਖ ਦੀ ਵੱਡੀ ਰਕਮ ਠੱਗ ਲਈ ਗਈ।
ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੁਲਿਸ ਹਰਪਾਲ ਸਿੰਘ (ਪੀ.ਪੀ.ਐਸ.) ਦੀ ਨਿਗਰਾਨੀ ਹੇਠ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਵੈਭਵ ਸਹਿਗਲ (ਪੀ.ਪੀ.ਐਸ.) ਅਤੇ ਸਹਾਇਕ ਕਮਿਸ਼ਨਰ ਪੁਲਿਸ (ਸਾਈਬਰ ਕ੍ਰਾਈਮ) ਹਰਜਿੰਦਰ ਸਿੰਘ (ਪੀ.ਪੀ.ਐਸ.) ਦੀ ਅਗਵਾਈ ਵਿੱਚ ਸਾਈਬਰ ਕ੍ਰਾਈਮ ਥਾਣਾ ਲੁਧਿਆਣਾ ਦੀ ਟੀਮ ਨੇ ਇਹ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਟੀਮ ਨੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਜੋਧਪੁਰ ਵਾਸੀ ਮਾਨਵੇਂਦਰਾ ਸਿੰਘ ਨੂੰ ਕਾਬੂ ਕੀਤਾ। ਮੁਲਜ਼ਮ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਸਾਈਬਰ ਠੱਗੀ ਦੇ ਨੈੱਟਵਰਕ ਨਾਲ ਜੁੜੇ ਹੋਰ ਅਹਿਮ ਸੁਰਾਗ ਮਿਲੇ ਹਨ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਰੀਬ ₹18 ਲੱਖ ਦੀ ਰਕਮ ਪੀੜਤ ਨੂੰ ਵਾਪਸ ਕਰਵਾਈ ਜਾ ਚੁੱਕੀ ਹੈ। ਬਾਕੀ ਰਕਮ ਦੀ ਬਰਾਮਦਗੀ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਨਾਲ ਹੀ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।
ਲੁਧਿਆਣਾ ਪੁਲਿਸ ਨੇ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਕਾਲ, ਈ-ਮੇਲ, ਵਟਸਐਪ ਸੁਨੇਹੇ ਜਾਂ ਫਰਜ਼ੀ ਕਾਰੋਬਾਰੀ ਪੇਸ਼ਕਸ਼ 'ਤੇ ਭਰੋਸਾ ਕਰਨ ਤੋਂ ਪਹਿਲਾਂ ਪੂਰੀ ਤਸਦੀਕ ਜ਼ਰੂਰ ਕਰਨ। ਕਿਸੇ ਵੀ ਸ਼ੱਕੀ ਸਾਈਬਰ ਗਤੀਵਿਧੀ ਦੀ ਸੂਚਨਾ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਦੇਣੀ ਚਾਹੀਦੀ ਹੈ।
- Download Babushahi App
-
-