ਡੇਰਾਬੱਸੀ 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਵਿਸ਼ਾਲ ਮੀਟਿੰਗ
*ਕੁਰਸੀ ਲਈ ਕਿਸੇ ਨਾਲ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ: ਮਨਪ੍ਰੀਤ ਇਯਾਲੀ
*ਨਿਜੀ ਹਿੱਤ ਛੱਡ ਕੇ ਪੰਜਾਬ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕਰਾਂਗੇ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਜੁਲਾਈ 2026: ਹਲਕਾ ਡੇਰਾਬੱਸੀ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਆਯੋਜਿਤ ਇੱਕ ਵਿਸ਼ਾਲ ਜਨ ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਦੇ ਮੌਜੂਦਾ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਾਤਾਂ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਅਤੇ 'ਮਿਸ਼ਨ 2027' ਦੀ ਸਫ਼ਲਤਾ ਵਾਸਤੇ ਹੁਣੇ ਤੋਂ ਹੀ ਪਿੰਡ-ਪਿੰਡ ਲਾਮਬੰਦੀ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਹੈ। ਇਸ ਖੇਤਰੀ ਮੀਟਿੰਗ ਵਿੱਚ ਇਲਾਕੇ ਦੇ ਨੌਜਵਾਨਾਂ, ਧਾਰਮਿਕ ਸ਼ਖਸੀਅਤਾਂ ਅਤੇ ਆਮ ਸਮਰਥਕਾਂ ਨੇ ਬੜੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕ ਕੇ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ, ਜਿਸ ਲਈ ਨੌਜਵਾਨਾਂ ਦਾ ਰਾਜਨੀਤਿਕ ਤੇ ਸਮਾਜਿਕ ਤੌਰ 'ਤੇ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸਮਾਗਮ ਨੂੰ ਖਾਸ ਤੌਰ 'ਤੇ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਪੰਜਾਬ ਦੇ ਅਹਿਮ ਮੁੱਦੇ ਚੁੱਕਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਵਿੱਚ ਭਵਿੱਖ ਦਾ ਅਗਵਾਈ ਕਰਦਾ ਮੁੱਖ ਮੰਤਰੀ ਵੇਖ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 'ਅਕਾਲੀ ਦਲ ਵਾਰਿਸ ਪੰਜਾਬ ਦੇ' ਹਿੰਦੂ, ਸਿੱਖ, ਮੁਸਲਿਮ ਅਤੇ ਹਰ ਭਾਈਚਾਰੇ ਦੀ ਸਾਂਝੀ ਧਿਰ ਹੈ ਜੋ ਸੂਬੇ ਦੇ ਵਿਕਾਸ ਅਤੇ ਹੱਕਾਂ ਦੀ ਪਹਿਰੇਦਾਰੀ ਲਈ ਵਚਨਬੱਧ ਹੈ।
ਮੀਟਿੰਗ ਦੌਰਾਨ ਸੂਬਾ ਕਾਰਜਕਾਰੀ ਮੈਂਬਰ ਕਾਬਲ ਸਿੰਘ ਭੁੱਲਰ, ਬੁਲਾਰੇ ਜਸਨਦੀਪ ਸਿੰਘ ਸੰਧੂ, ਅਰਬਾਂ ਖਰਬਾਂ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਮ ਸਿੰਘ ਅਤੇ ਨਿਰਮੈਲ ਸਿੰਘ ਜੌਲਾ ਨੇ ਕਿਹਾ ਕਿ ਪੰਜਾਬ ਦੇ ਸਰਵਪੱਖੀ ਵਿਕਾਸ, ਵਜੂਦ ਅਤੇ ਭਵਿੱਖ ਦੀ ਰਾਖੀ ਲਈ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਸਮਾਗਮ ਸਥਾਨ 'ਤੇ "ਹਮ ਰਾਖਤ ਪਾਤਸ਼ਾਹੀ ਦਾਵਾ" ਅਤੇ "ਮਿਸ਼ਨ 2027" ਦੇ ਨਾਅਰਿਆਂ ਵਾਲੇ ਮੁੱਖ ਬੈਨਰ ਹੇਠ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਸ਼ਹੀਦ ਦੀਪ ਸਿੱਧੂ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਸ਼ਹੀਦ ਜਸਵੰਤ ਸਿੰਘ ਖਾਲੜਾ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਬਾਪੂ ਤਰਸੇਮ ਸਿੰਘ ਦੀਆਂ ਤਸਵੀਰਾਂ ਰਾਹੀਂ ਪਾਰਟੀ ਦੀ ਵਿਚਾਰਧਾਰਾ ਨੂੰ ਸੰਗਤਾਂ ਸਾਹਮਣੇ ਰੱਖਿਆ ਗਿਆ।
ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵਰਕਰਾਂ ਨੂੰ ਪਿੰਡ ਪੱਧਰ 'ਤੇ ਕਮੇਟੀਆਂ ਗਠਿਤ ਕਰਨ ਅਤੇ ਜਨਤਾ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਲੋਕਾਂ ਅਤੇ ਨੌਜਵਾਨਾਂ ਵੱਲੋਂ ਸੰਗਠਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ ਵਿੱਚ ਪਰਮਜੀਤ ਸਿੰਘ ਜੌਹਲ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਂਖਰਪੁਰ, ਭੁਪਿੰਦਰ ਸਿੰਘ ਸੁੰਡਰਾਂ, ਹਰਪ੍ਰੀਤ ਸਿੰਘ ਅਮਲਾਲਾ ਸਮੇਤ ਹੋਰ ਕਈ ਆਗੂ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ।
- Download Babushahi App
-
-